
ਚੰਡੀਗੜ੍ਹ, 28 ਅਪ੍ਰੈਲ (ਹਿੰ.ਸ.)| ਪੰਜਾਬ ਅਤੇ ਚੰਡੀਗੜ੍ਹ ਵਿੱਚ ਪੈ ਰਹੀ ਅੱਤ ਦੀ ਗਰਮੀ ਵਿਚਕਾਰ ਮੰਗਲਵਾਰ ਤੋਂ ਮੌਸਮ ਨੇ ਅਚਾਨਕ ਰੁੱਖ ਬਦਲ ਲਿਆ ਹੈ। ਕਈ ਇਲਾਕਿਆਂ ਵਿੱਚ ਅਸਮਾਨ ’ਚ ਘਣੇ ਬੱਦਲ ਛਾਏ ਹੋਏ ਹਨ, ਜਦਕਿ ਲੁਧਿਆਣਾ ਅਤੇ ਜਲੰਧਰ ਵਿੱਚ ਬਾਰਿਸ਼ ਦਰਜ ਕੀਤੀ ਗਈ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਆਉਂਦੇ ਦੋ ਦਿਨਾਂ ਲਈ ਹਨ੍ਹੇਰੀ-ਤੂਫ਼ਾਨ ਅਤੇ ਬਿਜਲੀ ਕੜਕਣ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹਾਲਾਂਕਿ ਹੀਟ ਵੇਵ ਦੀ ਸੰਭਾਵਨਾ ਫਿਲਹਾਲ ਨਹੀਂ ਹੈ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ, ਪਰ ਇਹ ਹਾਲੇ ਵੀ ਆਮ ਨਾਲੋਂ ਕਰੀਬ 3 ਡਿਗਰੀ ਵੱਧ ਦਰਜ ਕੀਤਾ ਜਾ ਰਿਹਾ ਹੈ। ਸਭ ਤੋਂ ਵੱਧ 43 ਡਿਗਰੀ ਤਾਪਮਾਨ ਬਠਿੰਡਾ ਵਿੱਚ ਦਰਜ ਹੋਇਆ।
ਚੰਡੀਗੜ੍ਹ ’ਚ ਸਵੇਰੇ ਠੰਡੀ ਹਵਾਵਾਂ ਚੱਲਣ ਨਾਲ ਸੁਖਨਾ ਝੀਡ ਅਤੇ ਰਾਕ ਗਾਰਡਨ ਨੇੜੇ ਸੈਰ ਕਰ ਰਹੇ ਲੋਕਾਂ ਨੇ ਮੌਸਮ ਦਾ ਪੂਰਾ ਲੁੂਤਫ ਉਠਾਇਆ।
ਮੌਸਮ ਵਿਭਾਗ ਅਨੁਸਾਰ 23 ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ, ਜਦਕਿ 20 ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਵੱਗ ਸਕਦੀਆਂ ਹਨ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਰੂਪਨਗਰ, ਮੋਹਾਲੀ, ਫਰੀਦਕੋਟ, ਮੁਕਤਸਰ, ਮੋਗਾ, ਬਰਣਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਸਮੇਤ ਕਈ ਇਲਾਕਿਆਂ ਵਿੱਚ ਹਨ੍ਹੇਰੀ ਅਤੇ ਬਾਰਿਸ਼ ਦੇ ਆਸਾਰ ਹਨ।
ਇਸ ਵੇਲੇ ਉੱਤਰੀ ਭਾਰਤ ਉੱਤੇ ਪੱਛਮ ਵੱਲੋਂ ਆ ਰਹੀਆਂ ਠੰਡੀ ਹਵਾਵਾਂ ਦਾ ਸਿਸਟਮ ਸਰਗਰਮ ਹੈ, ਜੋ ਕਿ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ-ਕਸ਼ਮੀਰ ’ਤੇ ਅਸਰ ਪਾ ਰਿਹਾ ਹੈ। ਇਸ ਕਰਕੇ ਹਨ੍ਹੇਰੀ, ਬਾਰਿਸ਼ ਅਤੇ ਬਿਜਲੀ ਕੜਕਣ ਦੇ ਚਾਂਸ ਵੱਧ ਗਏ ਹਨ।
ਰਾਜ ਦੇ 8 ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ। ਚੰਡੀਗੜ੍ਹ (40.2°C), ਲੁਧਿਆਣਾ (41.0°C), ਪਟਿਆਲਾ (42.1°C), ਬਠਿੰਡਾ (43.0°C), ਫਰੀਦਕੋਟ (41.0°C), ਗੁਰਦਾਸਪੁਰ (40.5°C), ਫਾਜ਼ਿਲਕਾ (40.8°C) ਅਤੇ ਭਾਖੜਾ (41.3°C) ਸ਼ਾਮਲ ਹਨ।
ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਮੁਤਾਬਕ 28 ਅਪ੍ਰੈਲ ਅਤੇ 30 ਅਪ੍ਰੈਲ ਤੋਂ 3 ਮਈ ਤੱਕ ਕਈ ਥਾਵਾਂ ’ਤੇ ਹਲਕੀ ਬਾਰਿਸ਼ ਹੋ ਸਕਦੀ ਹੈ, ਜਦਕਿ 29 ਅਪ੍ਰੈਲ ਨੂੰ ਕੁਝ ਇਲਾਕਿਆਂ ਵਿੱਚ ਵੱਧ ਬਾਰਿਸ਼ ਦੇ ਆਸਾਰ ਹਨ। ਅਗਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ ਵੱਡਾ ਬਦਲਾਅ ਨਹੀਂ ਆਵੇਗਾ, ਪਰ ਉਸ ਤੋਂ ਬਾਅਦ 3 ਤੋਂ 5 ਡਿਗਰੀ ਸੈਲਸੀਅਸ ਤੱਕ ਘਟੋਤਰੀ ਹੋ ਸਕਦੀ ਹੈ। 28 ਅਤੇ 29 ਅਪ੍ਰੈਲ ਨੂੰ 50–60 ਕਿਮੀ/ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ, ਗਰਜ-ਚਮਕ ਅਤੇ ਹਨ੍ਹੇਰੀ-ਤੂਫ਼ਾਨ ਦੀ ਸੰਭਾਵਨਾ ਹੈ, ਜਦਕਿ 30 ਅਪ੍ਰੈਲ, 2 ਅਤੇ 3 ਮਈ ਨੂੰ 40–50 ਕਿਮੀ/ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨ ਆ ਸਕਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH