
ਪੰਚਕੂਲਾ, 29 ਅਪ੍ਰੈਲ (ਹਿੰ.ਸ.)| ਪੰਚਕੂਲਾ, ਅੰਬਾਲਾ ਅਤੇ ਸੋਨੀਪਤ ਵਿੱਚ ਹੋਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪ੍ਰਦੇਸ਼ ਪ੍ਰਧਾਨ ਮੋਹਨ ਲਾਲ ਬਡੋਲੀ, ਕੈਬਿਨੇਟ ਮੰਤਰੀ ਵਿਪੁਲ ਗੋਅਲ, ਕ੍ਰਿਸ਼ਨਾ ਪਵਾਰ, ਰਣਬੀਰ ਗੰਗਵਾ, ਰਾਜ ਸਭਾ ਸਾਂਸਦ ਕਾਰਤਿਕੇਯ ਸ਼ਰਮਾ ਅਤੇ ਕਾਲਕਾ ਵਿਧਾਨ ਸਭਾ ਤੋਂ ਸ਼ਕਤੀ ਰਾਣੀ ਸ਼ਰਮਾ ਮੌਜੂਦ ਰਹੇ। ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕਈ ਹੋਰ ਪਾਰਟੀਆਂ ਦੇ ਨੇਤਾ ਭਾਜਪਾ ਵਿਚ ਸ਼ਾਮਿਲ ਹੋਏ।
ਪ੍ਰਦੇਸ਼ ਪ੍ਰਧਾਨ ਨੇ ਉਨ੍ਹਾਂ ਨੂੰ ਭਾਜਪਾ ਦਾ ਪਟਕਾ ਪਹਿਨਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੈਨੀਫੈਸਟੋ ਜਾਰੀ ਕਰਦੇ ਹੋਏ ਕਿਹਾ ਕਿ ਮੈਨੀਫੈਸਟੋ ਸਾਡੇ ਲਈ ਭਗਵਾਨ ਦਾ ਸਰੂਪ ਹੈ ਅਤੇ ਇਸਨੂੰ ਪੂਰਾ ਕਰਨਾ ਸਾਡਾ ਫਰਜ ਹੈ। ਉਨ੍ਹਾਂ ਕਿਹਾ ਕਿ 2024 ਵਿੱਚ ਜਾਰੀ ਕੀਤੇ ਮੈਨੀਫੈਸਟੋ ਦੇ 217 ਵਾਅਦੇ ਸਨ ਅਤੇ ਸਰਕਾਰ ਆਪਣੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਹਰ ਇਕ ਵਾਅਦੇ ਨੂੰ ਪੂਰਾ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸੀਐਮ ਨੇ ਕਿਹਾ ਕਿ ਲੋਕ ਸਭਾ, ਵਿਧਾਨ ਸਭਾ ਅਤੇ ਸਥਾਨਕ ਨਿਗਮ ਮਿਲ ਕੇ ਟ੍ਰਿਪਲ ਇੰਜਨ ਸਰਕਾਰ ਬਣਾ ਰਹੇ ਹਾਂ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਕੋਈ ਵੀ ਵਿਅਕਤੀ ਬਿਨਾਂ ਛੱਤ ਦੇ ਨਾ ਰਹੇ। ਸੀਐਮ ਆਵਾਸ ਯੋਜਨਾ ਸ਼ਹਿਰੀ ਦੇ ਤਹਿਤ ਪਲਾਟ ਦੇਣ ਦੇ ਨਾਲ-ਨਾਲ ਘਰ ਬਣਾਕੇ ਦੇਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਭਗ 1.60 ਲੱਖ ਘਰ ਬਣਾਏ ਗਏ ਹਨ ਅਤੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਹਰਿਆਣਾ ਨੂੰ ਓਡੀਐਫ ਮੁਕਤ ਬਣਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇ ਪੰਚਕੂਲਾ ਅਤੇ ਅੱਜ ਦੇ ਪੰਚਕੂਲਾ ਵਿੱਚ ਜ਼ਮੀਨ-ਆਸਮਾਨ ਦਾ ਅੰਤਰ ਹੈ। ਉਨ੍ਹਾਂ ਨੇ ਹਿਮਾਚਲ ਅਤੇ ਪੰਜਾਬ ਦੀਆਂ ਸਰਕਾਰਾਂ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਹੁਣ ਚੋਣਾਂ ਨੇੜੇ ਆਉਣ ‘ਤੇ ਉਨ੍ਹਾਂ ਨੂੰ ਵਾਅਦੇ ਯਾਦ ਆ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਲਾਡੋ ਲਕਸ਼ਮੀ ਯੋਜਨਾ ਦਾ ਵਾਅਦਾ ਪੂਰਾ ਕੀਤਾ ਹੈ, ਜਦਕਿ ਪੰਜਾਬ ਅਤੇ ਹਿਮਾਚਲ ਵਿੱਚ ਮਹਿਲਾਵਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਹੈ ਕਿ ਜੋ ਕਿਹਾ ਜਾਂਦਾ ਹੈ, ਉਹ ਪੂਰਾ ਕੀਤਾ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH