
ਚੰਡੀਗੜ੍ਹ, 29 ਅਪ੍ਰੈਲ (ਹਿੰ.ਸ.)| ਹਰਿਆਣਾ ਸਰਕਾਰ ਨੇ ਨਾਰਾਇਣਗੜ੍ਹ ਖੇਤਰ ਵਿੱਚ ਇੰਡਸਟ੍ਰਿਅਲ ਮਾਡਲ ਟਾਊਨਸ਼ਿਪ (ਆਈਐਮਟੀ) ਸਥਾਪਿਤ ਕਰਨ ਦਾ ਫੈਸਲਾ ਲਿਆ ਹੈ, ਜਿਸ ਨਾਲ ਨਾ ਸਿਰਫ ਖੇਤਰ ਦੇ ਆਰਥਿਕ ਵਿਕਾਸ ਨੂੰ ਗਤੀ ਮਿਲੇਗੀ, ਸਗੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਇਸ ਸਬੰਧੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਨਾਰਾਇਣਗੜ੍ਹ ਖੇਤਰ ਦੇ ਕਿਸਾਨਾਂ ਦੇ ਪ੍ਰਤੀਨਿਧੀ ਮੰਡਲ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਕਿਸਾਨਾਂ ਨੇ ਸਰਕਾਰ ਵੱਲੋਂ ਤੈਅ ਕੀਤੀਆਂ ਜ਼ਮੀਨ ਦੀਆਂ ਦਰਾਂ ‘ਤੇ ਸਹਿਮਤੀ ਜਤਾਈ। ਇਸ ਸਹਿਮਤੀ ਨਾਲ ਲਗਭਗ 450 ਏਕੜ ਜ਼ਮੀਨ ਆਈਐਮਟੀ ਪ੍ਰੋਜੈਕਟ ਲਈ ਉਪਲਬਧ ਹੋਵੇਗੀ। ਕਿਸਾਨਾਂ ਨੇ ਇਸ ਮੌਕੇ ‘ਤੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦਾ ਸਨਮਾਨ ਵੀ ਕੀਤਾ।
ਮੁੱਖ ਮੰਤਰੀ ਨੇ ਕਿਸਾਨਾਂ ਦੇ ਸਹਿਯੋਗ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਖੇਤਰ ਦੇ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਅੰਬਾਲਾ ਵਿੱਚ ਪਹਿਲਾਂ ਹੀ ਆਈਐਮਟੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਹੁਣ ਨਾਰਾਇਣਗੜ੍ਹ ਵਿੱਚ ਵੀ ਇਸ ਤਰ੍ਹਾਂ ਦਾ ਪ੍ਰੋਜੈਕਟ ਸ਼ੁਰੂ ਹੋਣ ਨਾਲ ਖੇਤਰ ਉਦਯੋਗਿਕ ਹੱਬ ਵਜੋਂ ਵਿਕਸਿਤ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੁਰੂਗ੍ਰਾਮ ਦੀ ਤਰਜ਼ ‘ਤੇ ਅੰਬਾਲਾ ਖੇਤਰ ਨੂੰ ਵੀ ਆਧੁਨਿਕ ਉਦਯੋਗਿਕ ਕੇਂਦਰ ਬਣਾਇਆ ਜਾਵੇਗਾ।
ਸੈਣੀ ਨੇ ਦੱਸਿਆ ਕਿ ਸਰਕਾਰ ਨੇ ਆਪਣੇ ਬਜਟ 2025-26 ਵਿੱਚ ਸੂਬੇ ਵਿੱਚ 10 ਇੰਟੀਗ੍ਰੇਟਿਡ ਮੈਨੂਫੈਕਚਰਿੰਗ ਟਾਊਨਸ਼ਿਪ ਬਣਾਉਣ ਦਾ ਐਲਾਨ ਕੀਤਾ ਸੀ। ਇਸ ਤਹਿਤ ਮਾਣੇਸਰ, ਬਾਵਲ, ਰੋਹਤਕ, ਫਰੀਦਾਬਾਦ, ਸੋਹਣਾ ਅਤੇ ਖਰਖੌਦਾ ਵਿੱਚ ਪਹਿਲਾਂ ਹੀ ਕੰਮ ਜਾਰੀ ਹੈ। ਹੁਣ ਨਾਰਾਇਣਗੜ੍ਹ ਵਿੱਚ ਆਈਐਮਟੀ ਦੀ ਸਥਾਪਨਾ ਨਾਲ ਅੰਬਾਲਾ ਖੇਤਰ ਦੀ ਉਦਯੋਗਿਕ ਪਛਾਣ ਹੋਰ ਮਜ਼ਬੂਤ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਸਿਰਫ ਉਦਯੋਗਾਂ ਨੂੰ ਹੀ ਨਹੀਂ ਵਧਾਵੇਗਾ, ਸਗੋਂ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਵੀ ਤਿਆਰ ਕਰੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਵਿਕਸਿਤ ਹਰਿਆਣਾ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ ਅਤੇ ਹਰ ਖੇਤਰ ਦਾ ਸੰਤੁਲਿਤ ਵਿਕਾਸ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਵਿਪੁਲ ਗੋਇਲ, ਮੁੱਖ ਸਕੱਤਰ ਅਨੁਰਾਗ ਰਸਤੋਗੀ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ। ਕਿਸਾਨਾਂ ਦੀ ਵੱਡੀ ਗਿਣਤੀ ਨੇ ਇਸ ਯੋਜਨਾ ਨੂੰ ਸਮਰਥਨ ਦਿੰਦੇ ਹੋਏ ਸਰਕਾਰ ਦੇ ਕਦਮ ਦਾ ਸਵਾਗਤ ਕੀਤਾ।
ਹਿੰਦੂਸਥਾਨ ਸਮਾਚਾਰ / GURSHARAN SINGH