
ਚੰਡੀਗੜ੍ਹ, 29 ਅਪ੍ਰੈਲ (ਹਿੰ.ਸ.)| ਛੱਤਬੀੜ ਚਿੜੀਆਘਰ ਵਿੱਚ ਅੱਜ ਖੁਸ਼ੀਆਂ ਅਤੇ ਰੌਣਕ ਦਾ ਮਾਹੌਲ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਨਾਜੁਕ ਹਾਲਾਤਾਂ ਵਿੱਚ ਰਹਿੰਦੇ ਬੱਚਿਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਬੱਚਿਆਂ ਨੇ ਚਿੜੀਆਘਰ ਦਾ ਦੌਰਾ ਕਰਦਿਆਂ ਖੁੱਲ੍ਹ ਕੇ ਖੁਸ਼ੀਆਂ ਮਨਾਈਆਂ, ਜਦਕਿ ਮੰਤਰੀ ਨੇ ਵੀ ਉਨ੍ਹਾਂ ਨਾਲ ਪਿਆਰ ਭਰੇ ਅੰਦਾਜ਼ ਵਿੱਚ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸੁਣਿਆ। ਮੰਤਰੀ ਡਾ. ਬਲਜੀਤ ਕੌਰ ਨੇ ਬੱਚਿਆਂ ਨਾਲ ਇਕੱਠੇ ਬੈਠ ਕੇ ਦੁਪਹਿਰ ਦਾ ਭੋਜਨ ਵੀ ਕੀਤਾ, ਜਿਸ ਨਾਲ ਬੱਚਿਆਂ ਵਿੱਚ ਆਪਣੇਪਣ ਦੀ ਭਾਵਨਾ ਹੋਰ ਮਜ਼ਬੂਤ ਹੋਈ। ਇਹ ਪਲ ਬੱਚਿਆਂ ਲਈ ਯਾਦਗਾਰ ਬਣ ਗਏ ਅਤੇ ਸਮਾਗਮ ਨੂੰ ਪਰਿਵਾਰਕ ਰੰਗ ਮਿਲਿਆ।
ਇਸ ਮੌਕੇ ਉਨ੍ਹਾਂ “ਪ੍ਰੋਜੈਕਟ ਮੁਸਕੁਰਾਹਟ” ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸਿਰਫ ਇੱਕ ਸਰਕਾਰੀ ਯੋਜਨਾ ਨਹੀਂ, ਸਗੋਂ ਉਹਨਾਂ ਬੱਚਿਆਂ ਲਈ ਉਮੀਦ ਦੀ ਕਿਰਨ ਹੈ ਜਿਨ੍ਹਾਂ ਨੇ ਕੋਵਿਡ-19 ਜਾਂ ਹੋਰ ਆਫਤਾਂ ਕਾਰਨ ਆਪਣੇ ਮਾਪਿਆਂ ਦਾ ਸਹਾਰਾ ਗੁਆ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਕੋਈ ਵੀ ਬੱਚਾ ਆਪਣੇ ਸੁਪਨਿਆਂ ਤੋਂ ਵੰਚਿਤ ਨਾ ਰਹੇ।
ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਬੱਚਿਆਂ ਨੂੰ ਆਰਥਿਕ ਮਦਦ ਦੇ ਨਾਲ-ਨਾਲ ਸਿੱਖਿਆ, ਸਿਹਤ ਸੇਵਾਵਾਂ, ਆਯੁਸ਼ਮਾਨ ਭਾਰਤ ਤਹਿਤ ਬੀਮਾ, ਮਨੋਵਿਗਿਆਨਿਕ ਕੌਂਸਲਿੰਗ ਅਤੇ ਹੁਨਰ ਵਿਕਾਸ ਵਰਗੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਨਾਲ ਬੱਚਿਆਂ ਨੂੰ ਸੁਰੱਖਿਅਤ ਅਤੇ ਸਹਾਇਕ ਮਾਹੌਲ ਮਿਲਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬੱਚਿਆਂ ਨੂੰ 23 ਸਾਲ ਦੀ ਉਮਰ ‘ਤੇ 10 ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਆਤਮਨਿਰਭਰ ਤਰੀਕੇ ਨਾਲ ਕਰ ਸਕਣ। ਇਸ ਤੋਂ ਇਲਾਵਾ ਸਾਲਾਨਾ 20,000 ਰੁਪਏ ਦੀ ਸਿੱਖਿਆ ਸਹਾਇਤਾ ਅਤੇ ਬਾਲਗ ਹੋਣ ਤੱਕ 4,000 ਰੁਪਏ ਮਹੀਨਾ ਸਪਾਂਸਰਸ਼ਿਪ ਵੀ ਦਿੱਤੀ ਜਾ ਰਹੀ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਯੋਜਨਾ ਨੂੰ ਪੂਰੀ ਪਾਰਦਰਸ਼ਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਹਰ ਪੜਾਅ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਅੰਕੜਿਆਂ ਸਾਂਝੇ ਕਰਦਿਆਂ ਦੱਸਿਆ ਕਿ ਕੋਵਿਡ-19 ਕਾਰਨ 43 ਬੱਚੇ ਅਨਾਥ ਹੋਏ ਅਤੇ 4 ਬੱਚੇ ਬਾੜਾਂ ਨਾਲ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਨੂੰ ਇਸ ਯੋਜਨਾ ਅਧੀਨ ਲਿਆ ਗਿਆ ਹੈ। ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ “ਅੱਜ ਦਿੱਤਾ ਗਿਆ ਸਹਾਰਾ ਹੀ ਕੱਲ੍ਹ ਬੱਚਿਆਂ ਦੇ ਭਰੋਸੇ ਦੀ ਨੀਂਹ ਬਣਦਾ ਹੈ।” ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਹਰ ਬੱਚੇ ਦੇ ਚਿਹਰੇ ‘ਤੇ ਮੁਸਕਾਨ ਲਿਆਉਣ ਅਤੇ ਉਸਦਾ ਭਵਿੱਖ ਸੁਰੱਖਿਅਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH