

ਬਰਨਾਲਾ, 29 ਅਪ੍ਰੈਲ (ਹਿੰ.ਸ.)| ਜ਼ਿਲ੍ਹੇ ਦੇ ਪ੍ਰਮੁੱਖ ਉਦਯੋਗਿਕ ਇਕਾਈ ਟ੍ਰਾਈਡੈਂਟ ਗਰੁੱਪ ਦੇ ਧੌਲਾ ਪਲਾਂਟ ਵਿੱਚ ਇੱਕ ਰਹਸਮਈ ਡਰੋਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਪਲਾਂਟ ਪ੍ਰਬੰਧਨ ਅਤੇ ਪੁਲਿਸ ਦੋਵੇਂ ਚੌਕੱਸ ਹੋ ਗਏ ਹਨ। ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰੇ ਕਰੀਬ 5:30 ਵਜੇ ਦੀ ਹੈ। ਡਰੋਨ ਦੇ ਮਿਲਣ ਦੀ ਖ਼ਬਰ ਨਾਲ ਤੁਰੰਤ ਹੀ ਜ਼ਿਲ੍ਹਾ ਪੁਲਿਸ ਹਰਕਤ ਵਿੱਚ ਆ ਗਈ ਅਤੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਖਿਲੌਣਾ ਨੁਮਾ ਡਰੋਨ ਲੱਗਦਾ ਹੈ। ਮਾਮਲੇ ਨੂੰ ਗੰਭੀਰ ਹੁੰਦਾ ਦੇਖਦੇ ਹੋਏ ਪੁਲਿਸ ਵੱਲੋਂ ਅਧਿਕਾਰਕ ਪ੍ਰਤੀਕਿਰਿਆ ਵੀ ਜਾਰੀ ਕੀਤੀ ਗਈ ਹੈ। ਡੀਐਸਪੀ ਰਸ਼ਪਾਲ ਸਿੰਘ ਬਰਾੜ ਨੇ ਦੱਸਿਆ ਕਿ ਪਹਿਲੀ ਨਜ਼ਰ ਵਿੱਚ ਇਹ ਡਰੋਨ ਚੀਨੀ ਨਿਰਮਿਤ ਲੱਗਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਆਮ ਡਰੋਨ ਆਨਲਾਈਨ ਪਲੇਟਫਾਰਮਾਂ ਜਿਵੇਂ ਕਿ ਅਮੇਜ਼ਾਨ ‘ਤੇ ਲਗਭਗ 2 ਤੋਂ 3 ਹਜ਼ਾਰ ਰੁਪਏ ਵਿੱਚ ਆਸਾਨੀ ਨਾਲ ਉਪਲਬਧ ਹੁੰਦੇ ਹਨ। ਹਾਲਾਂਕਿ, ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਪੁਲਿਸ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਅਤੇ ਸਾਵਧਾਨੀ ਨਾਲ ਲੈ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਡਰੋਨ ਨੂੰ ਡਰੋਨ ਫੋਰੈਂਸਿਕ ਲੈਬ ਵਿੱਚ ਭੇਜਿਆ ਜਾਵੇਗਾ, ਜਿੱਥੇ ਇਸ ਦੀ ਵਿਸਥਾਰ ਨਾਲ ਤਕਨੀਕੀ ਜਾਂਚ ਕੀਤੀ ਜਾਵੇਗੀ। ਨਾਲ ਹੀ, ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਡਰੋਨ ਕਿੱਥੋਂ ਆਇਆ ਸੀ। ਫੋਰੈਂਸਿਕ ਜਾਂਚ ਤੋਂ ਇਹ ਵੀ ਸਪਸ਼ਟ ਹੋਵੇਗਾ ਕਿ ਡਰੋਨ ਵਿੱਚ ਕੋਈ ਕੈਮਰਾ ਜਾਂ ਹੋਰ ਸਾਜੋ-ਸਮਾਨ ਲੱਗਿਆ ਸੀ ਜਾਂ ਨਹੀਂ ਅਤੇ ਇਸਨੂੰ ਕਿਸ ਮਕਸਦ ਨਾਲ ਉਡਾਇਆ ਗਿਆ ਸੀ। ਫਿਲਹਾਲ ਇਸ ਮਾਮਲੇ ‘ਚ ਫੈਕਟਰੀ ਪ੍ਰਬੰਧਨ ਵੱਲੋਂ ਕੋਈ ਵੀ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH