ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੀ ਮਿਹਨਤ ਨੂੰ ਪਿਆ ਬੂਰ, ਕਿਸਾਨਾਂ ਨੇ ਦਿੱਤੀ ਮੂੰਗੀ ਤੇ ਮਾਂਹ ਨੂੰ ਤਰਜੀਹ : ਡਾ. ਤੇਜਬੀਰ ਭੰਗੂ
ਖਡੂਰ ਸਾਹਿਬ, 29 ਅਪ੍ਰੈਲ (ਹਿੰ.ਸ.)। ਪੰਜਾਬ ਵਿੱਚ ਲਗਾਤਾਰ ਘਟਦੇ ਜ਼ਮੀਨਦੋਜ਼ ਪਾਣੀ ਦੇ ਪੱਧਰ ਅਤੇ ਵਧ ਰਹੇ ਖ਼ਰਚਿਆਂ ਕਾਰਨ ਕਿਸਾਨਾਂ ਲਈ ਮੂੰਗੀ ਅਤੇ ਮਾਂਹ ਦੀ ਖੇਤੀ ਇਕ ਲਾਭਕਾਰੀ ਵਿਕਲਪ ਬਣਦੀ ਜਾ ਰਹੀ ਹੈ। ਖੇਤੀਬਾੜੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਦੋਵੇਂ ਦਾਲੀ ਫ਼ਸਲਾਂ ਨਾ ਸਿਰਫ ਘੱਟ ਪਾਣੀ ਨਾਲ ਤਿਆ
ਕਿਸਾਨਾਂ ਦੇ ਨਾਲ ਖੇਤੀਬਾੜੀ ਵਿਭਾਗ ਦੇ ਅਧਿਕਾਰੀ।


ਖਡੂਰ ਸਾਹਿਬ, 29 ਅਪ੍ਰੈਲ (ਹਿੰ.ਸ.)। ਪੰਜਾਬ ਵਿੱਚ ਲਗਾਤਾਰ ਘਟਦੇ ਜ਼ਮੀਨਦੋਜ਼ ਪਾਣੀ ਦੇ ਪੱਧਰ ਅਤੇ ਵਧ ਰਹੇ ਖ਼ਰਚਿਆਂ ਕਾਰਨ ਕਿਸਾਨਾਂ ਲਈ ਮੂੰਗੀ ਅਤੇ ਮਾਂਹ ਦੀ ਖੇਤੀ ਇਕ ਲਾਭਕਾਰੀ ਵਿਕਲਪ ਬਣਦੀ ਜਾ ਰਹੀ ਹੈ। ਖੇਤੀਬਾੜੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਦੋਵੇਂ ਦਾਲੀ ਫ਼ਸਲਾਂ ਨਾ ਸਿਰਫ ਘੱਟ ਪਾਣੀ ਨਾਲ ਤਿਆਰ ਹੋ ਜਾਂਦੀਆਂ ਹਨ, ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਉਂਦੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਅਤੇ ਖੇਤੀਬਾੜੀ ਵਿਭਾਗ ਦੇ ਰਲਵੇਂ ਉਪਰਾਲਿਆਂ ਸਦਕਾ ਕਿਸਾਨਾਂ ਨੇ ਮੂੰਗੀ ਅਤੇ ਮਾਂਹ ਦੀ ਫ਼ਸਲ ਨੂੰ ਤਰਜੀਹ ਦਿੱਤੀ ਹੈ।

ਡਿਪਟੀ ਕਮਿਸ਼ਨਰ ਤਰਨ ਤਰਨ ਰਾਹੁਲ ਅਤੇ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਤੇਜਬੀਰ ਸਿੰਘ ਭੰਗੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਯਾਦਵਿੰਦਰ ਸਿੰਘ ਵੱਲੋਂ ਪਿੰਡ ਖਵਾਸਪੁਰ ਦੇ ਕਿਸਾਨ ਭੁਪਿੰਦਰ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਭੁਪਿੰਦਰ ਸਿੰਘ ਬਹੁਤ ਹੀ ਅਗਾਂਹਵਧੂ ਕਿਸਾਨ ਹੈ ਅਤੇ ਉਸਨੇ ਸੱਤ ਏਕੜ ਵਿੱਚ ਮੂੰਗੀ ਅਤੇ ਸੱਤ ਏਕੜ ਵਿੱਚ ਮਾਂਹ ਦੀ ਫ਼ਸਲ ਦੀ ਬਿਜਾਈ ਕੀਤੀ ਹੈ।

ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਖੇਤੀਬਾੜੀ ਅਫ਼ਸਰ ਖਡੂਰ ਸਾਹਿਬ ਡਾ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਖਡੂਰ ਸਾਹਿਬ ਦੇ ਕਿਸਾਨਾਂ ਨੇ ਮੂੰਗੀ ਅਤੇ ਮਾਂਹ ਦੀ ਫ਼ਸਲ ਨੂੰ ਕਾਫੀ ਤਰਜੀਹ ਦਿੱਤੀ ਹੈ, ਜੋ ਕਿ ਬਹੁਤ ਵਧੀਆ ਗੱਲ ਹੈ।

ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੂੰਗੀ ਦੀ ਫ਼ਸਲ ਖਾਸ ਤੌਰ ‘ਤੇ 60-70 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ, ਜਿਸ ਨਾਲ ਕਿਸਾਨ ਇਕ ਸਾਲ ਵਿੱਚ ਵੱਧ ਫ਼ਸਲਾਂ ਲੈ ਸਕਦੇ ਹਨ। ਇਸਦੀ ਬੀਜਾਈ ਮਾਰਚ-ਅਪ੍ਰੈਲ (ਜਾਇਦ) ਜਾਂ ਜੂਨ-ਜੁਲਾਈ (ਖਰੀਫ਼) ਵਿੱਚ ਕੀਤੀ ਜਾਂਦੀ ਹੈ। ਬੀਜ ਦੀ ਮਾਤਰਾ ਲੱਗਭਗ 8-10 ਕਿਲੋ ਪ੍ਰਤੀ ਏਕੜ ਰੱਖੀ ਜਾਂਦੀ ਹੈ ਅਤੇ ਕਤਾਰ ਤੋਂ ਕਤਾਰ ਦੂਰੀ 30 ਸੈਂਟੀਮੀਟਰ ਰੱਖਣੀ ਚਾਹੀਦੀ ਹੈ। ਇਹ ਫ਼ਸਲ ਘੱਟ ਸਿੰਚਾਈ ਨਾਲ ਵੀ ਵਧੀਆ ਪੈਦਾਵਾਰ ਦਿੰਦੀ ਹੈ ਅਤੇ 4-6 ਕੁਇੰਟਲ ਪ੍ਰਤੀ ਏਕੜ ਤੱਕ ਉਪਜ ਦੇ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮਾਂਹ (ਉੜਦ) ਦੀ ਫ਼ਸਲ ਵੀ ਕਿਸਾਨਾਂ ਲਈ ਇਕ ਵਧੀਆ ਵਿਕਲਪ ਹੈ। ਇਸਦੀ ਬੀਜਾਈ ਵੀ ਜੂਨ-ਜੁਲਾਈ ਵਿੱਚ ਕੀਤੀ ਜਾਂਦੀ ਹੈ ਅਤੇ 6-8 ਕਿਲੋ ਬੀਜ ਪ੍ਰਤੀ ਏਕੜ ਲੱਗਦਾ ਹੈ। ਮਾਂਹ ਦੀ ਫ਼ਸਲ ਨੂੰ ਵੀ ਪਾਣੀ ਦੀ ਘੱਟ ਲੋੜ ਹੁੰਦੀ ਹੈ ਅਤੇ ਇਹ ਲੱਗਭਗ 70–80 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦੀ ਪੈਦਾਵਾਰ 3–5 ਕੁਇੰਟਲ ਪ੍ਰਤੀ ਏਕੜ ਰਹਿੰਦੀ ਹੈ।

ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਦਾਲਾਂ ਵਾਲੀਆਂ ਫ਼ਸਲਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਮਿੱਟੀ ਵਿੱਚ ਨਾਈਟਰੋਜਨ ਫਿਕਸ ਕਰਦੀਆਂ ਹਨ, ਜਿਸ ਨਾਲ ਰਸਾਇਣਿਕ ਖਾਦਾਂ ਦੀ ਲੋੜ ਘੱਟ ਜਾਂਦੀ ਹੈ। ਇਸ ਨਾਲ ਅਗਲੀ ਫਸਲਾਂ ਜਿਵੇਂ ਕਿ ਗੇਹੂੰ ਜਾਂ ਮੱਕੀ ਨੂੰ ਵੀ ਵਧੀਆ ਲਾਭ ਮਿਲਦਾ ਹੈ। ਇਸਦੇ ਨਾਲ-ਨਾਲ ਇਹ ਫ਼ਸਲਾਂ ਕੀਟਾਂ ਅਤੇ ਬਿਮਾਰੀਆਂ ਦੇ ਮਾਮਲੇ ਵਿੱਚ ਵੀ ਕਾਫੀ ਹੱਦ ਤੱਕ ਸਹਿਣਸ਼ੀਲ ਹੁੰਦੀਆਂ ਹਨ। ਇਸ ਸਮੇਂ ਉਨ੍ਹਾਂ ਦੇ ਨਾਲ ਭੁਪਿੰਦਰ ਸਿੰਘ ,ਕਮਲਜੀਤ ਸਿੰਘ, ਜੈ ਇੰਦਰ ਕੌਰ, ਫਤਿਹਜੰਗ ਸਿੰਘ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande