
ਪਟਿਆਲਾ, 29 ਅਪ੍ਰੈਲ (ਹਿੰ.ਸ.)। ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ ਅੱਜ 'ਐਨਈਪੀ ਸਾਰਥੀ' ਪਹਿਲਕਦਮੀ ਦੇ ਤਹਿਤ ਲੇਖ ਰਚਨਾ ਮੁਕਾਬਲਾ ਸਫਲਤਾਪੂਰਵਕ ਕਰਵਾਇਆ ਗਿਆ। ਯੂਨੀਵਰਸਿਟੀ ਦੇ ਅਕਾਦਮਿਕ ਬਲਾਕ ਵਿੱਚ 'ਸਕੂਲ ਆਫ਼ ਐਜੂਕੇਸ਼ਨ ਐਂਡ ਵੋਕੇਸ਼ਨਲ ਸਟੱਡੀਜ਼' ਵੱਲੋਂ ਆਯੋਜਿਤ ਇਸ ਸਮਾਗਮ ਵਿੱਚ ਵੱਖ-ਵੱਖ ਉੱਚ ਸਿੱਖਿਆ ਸੰਸਥਾਵਾਂ ਦੇ 50 ਤੋਂ ਵੱਧ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਰਜਿਸਟ੍ਰੇਸ਼ਨ ਕਾਰਵਾਈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਤਨ ਸਿੰਘ ਨੇ ਜੇਤੂਆਂ ਅਤੇ ਸਮੂਹ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਅਕਾਦਮਿਕ ਯਤਨ ਨੌਜਵਾਨਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ ਦੇ ਵਿਜ਼ਨ ਨਾਲ ਜੋੜਨ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ, ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰੀ ਸਿੱਖਿਆ ਨੀਤੀ ਦੀਆਂ ਪਰਿਵਰਤਨਕਾਰੀ ਸੰਭਾਵਨਾਵਾਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਹੁਨਰ ਵਿਕਾਸ ਤੇ ਸੰਪੂਰਨ ਸਿੱਖਿਆ ਰਾਹੀਂ ਜੀਵਨ ਵਿੱਚ ਉੱਚੇ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ ਹੈ।
ਡਿਜੀਟਲ ਸਾਖਰਤਾ ਅਤੇ ਨਵੀਨਤਾ ਵਿਸ਼ੇ 'ਤੇ ਆਧਾਰਿਤ ਇਸ ਮੁਕਾਬਲੇ ਨੇ ਵਿਦਿਆਰਥੀਆਂ ਨੂੰ ਆਧੁਨਿਕ ਵਿਸ਼ਵ ਵਿੱਚ ਤਕਨਾਲੋਜੀ ਦੇ ਪ੍ਰਭਾਵ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਇੱਕ ਸਾਰਥਕ ਮੰਚ ਪ੍ਰਦਾਨ ਕੀਤਾ। ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਵਕੀ ਗੁਪਤਾ (ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ) ਨੇ ਪਹਿਲਾ, ਸੁਖਮਨ ਪ੍ਰੀਤ ਕੌਰ (ਸਟੇਟ ਕਾਲਜ ਆਫ਼ ਐਜੂਕੇਸ਼ਨ) ਨੇ ਦੂਜਾ ਅਤੇ ਅਰਮਾਨ (ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਸਾਰੇ ਭਾਗੀਦਾਰਾਂ ਨੂੰ ਸ਼ਲਾਘਾ ਪੱਤਰ ਦਿੱਤੇ ਗਏ।
ਇਹ ਸਮਾਗਮ ਡਾ. ਵਿਨੋਦ ਕੁਮਾਰ (ਮੁਖੀ, ਸਕੂਲ ਆਫ਼ ਐਜੂਕੇਸ਼ਨ ਐਂਡ ਵੋਕੇਸ਼ਨਲ ਸਟੱਡੀਜ਼) ਦੀ ਪ੍ਰਧਾਨਗੀ ਹੇਠ ਹੋਇਆ ਅਤੇ ਡਾ. ਸ਼ੈਫਾਲੀ ਬੇਦੀ (ਐਨਈਪੀ ਸਾਰਥੀ ਕੋਆਰਡੀਨੇਟਰ) ਵੱਲੋਂ ਇਸ ਦਾ ਸੰਚਾਲਨ ਕੀਤਾ ਗਿਆ। ਜਸਵੀਰ ਸਿੰਘ, ਡਾ. ਕਵਿਤਾ ਸਹਾਰਨ, ਡਾ. ਪ੍ਰੇਰਨਾ, ਡਾ. ਜਗਜੀਤ ਸਿੰਘ ਅਤੇ ਕੁਮਾਰੀ ਪਾਇਲ ਦੀ ਪ੍ਰਬੰਧਕੀ ਟੀਮ ਨੇ ਮੁਕਾਬਲੇ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ