
ਅੰਮ੍ਰਿਤਸਰ, 03 ਅਪ੍ਰੈਲ (ਹਿੰ.ਸ.)| ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਨੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਤੋਂ ਦੇਰ ਰਾਤ ਇੱਕ ਤਸਕਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ 1 ਕਿਲੋ 264 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਕਰਨਦੀਪ ਸਿੰਘ ਉਰਫ਼ ਕਰਨ ਵਜੋਂ ਹੋਈ ਹੈ, ਜੋ ਕਿ ਅੰਮ੍ਰਿਤਸਰ ਦੇ ਮੇਹਤਾ ਰੋਡ ਸਥਿਤ ਗੁਰੂ ਤੇਗ ਬਹਾਦਰ ਨਗਰ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਨਸ਼ੇ ਦੀ ਵੱਡੀ ਖੇਪ ਲੈ ਕੇ ਜਾ ਰਿਹਾ ਹੈ। ਇਸ ‘ਤੇ ਕਾਰਵਾਈ ਕਰਦਿਆਂ ਟੀਮ ਨੇ ਜੰਡਿਆਲਾ ਗੁਰੂ ਦੀ ਗ੍ਰੀਨ ਐਵਨਿਊ ਕਾਲੋਨੀ ਵਿੱਚ ਘੇਰਾਬੰਦੀ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਏ.ਐਨ.ਟੀ.ਐਫ. ਮੋਹਾਲੀ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀਆਂ ਮੁਤਾਬਕ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ਤਾਂ ਜੋ ਨਸ਼ਾ ਤਸਕਰੀ ਦੇ ਪਿੱਛੇ ਮੌਜੂਦ ਪੂਰੇ ਨੈੱਟਵਰਕ ਦਾ ਖੁਲਾਸਾ ਕੀਤਾ ਜਾ ਸਕੇ। ਮੁੱਢਲੀ ਜਾਂਚ ਵਿੱਚ ਮੁਲਜ਼ਮ ਨੇ ਦੱਸਿਆ ਕਿ ਉਹ ਬੁਰੀ ਸੰਗਤ ਵਿੱਚ ਆ ਕੇ ਨਸ਼ੇ ਦਾ ਆਦੀ ਹੋ ਗਿਆ ਸੀ। ਆਪਣੀ ਲਤ ਪੂਰੀ ਕਰਨ ਅਤੇ ਜਲਦੀ ਪੈਸਾ ਕਮਾਉਣ ਦੀ ਲਾਲਚ ਨੇ ਉਸ ਨੂੰ ਇਸ ਗੈਰਕਾਨੂੰਨੀ ਧੰਦੇ ਵੱਲ ਧੱਕ ਦਿੱਤਾ। ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕਰਨਦੀਪ ਸਿੰਘ ਕੋਈ ਨਵਾਂ ਅਪਰਾਧੀ ਨਹੀਂ ਹੈ। ਉਸ ਦੇ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਨਸ਼ਾ ਤਸਕਰੀ, ਗੈਰਕਾਨੂੰਨੀ ਹਥਿਆਰ ਰੱਖਣ ਅਤੇ ਲੜਾਈ-ਝਗੜੇ ਦੇ ਕੇਸ ਦਰਜ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH