ਪੰਜਾਬ ਦਾ ਪਹਿਲਾ ਸ਼ਹਿਰ ਖੰਨਾ ਜੋ ਪੁਲਿਸ ਕਰਮਚਾਰੀਆਂ ਨੂੰ ਹਫ਼ਤੇ ਵਿੱਚ ਇੱਕ ਦਿਨ ਦੀ ਦੇਵੇਗਾ ਛੁੱਟੀ
ਪੁਲਿਸ ਕਰਮਚਾਰੀਆ ਦੀ ਮਾਨਸਿਕ ਤੇ ਸਰੀਰਕ ਸਿਹਤ ਸੁਧਾਰਨਾ ਹੈ : ਐਸ.ਐਸ.ਪੀ. ਦਰਪਨ ਆਹਲੂਵਾਲੀਆ
ਐਸ.ਐਸ.ਪੀ. ਦਰਪਨ ਆਹਲੂਵਾਲੀਆ


ਲੁਧਿਆਣਾ, 03 ਅਪ੍ਰੈਲ (ਹਿੰ.ਸ.)| ਖੰਨਾ ਪੁਲਿਸ ਜ਼ਿਲ੍ਹੇ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਪੁਲਿਸ ਵੱਲੋਂ ਆਪਣੇ ਕਰਮਚਾਰੀਆਂ ਲਈ ਹਫ਼ਤੇ ਵਿੱਚ ਇੱਕ ਦਿਨ ਦੀ ਛੁੱਟੀ (ਵੀਕਲੀ ਆਫ) ਦੀ ਨੀਤੀ ਲਾਗੂ ਕਰ ਦਿੱਤੀ ਗਈ ਹੈ। ਇਹ ਫੈਸਲਾ ਐਸ.ਐਸ.ਪੀ. ਦਰਪਨ ਆਹਲੂਵਾਲੀਆ ਵੱਲੋਂ ਲਿਆ ਗਿਆ ਹੈ, ਜਿਸਦਾ ਮਕਸਦ ਪੁਲਿਸ ਬਲ ਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਸੁਧਾਰਨਾ ਹੈ।

ਐਸ.ਐਸ.ਪੀ. ਵੱਲੋਂ ਪੁਲਿਸ ਐਕਟ 1861 ਦੀ ਧਾਰਾ 22 ਤਹਿਤ ਵਿਸਥਾਰਿਤ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਸਾਰੇ 8 ਥਾਣਿਆਂ ਦੇ ਐਸ.ਐਚ.ਓ. ਲਈ ਹਫ਼ਤਾਵਾਰੀ ਰੋਸਟਰ ਵੀ ਤਿਆਰ ਕੀਤਾ ਗਿਆ ਹੈ। ਸਾਰੇ ਥਾਣਾ ਮੁਖੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਆਪਣੇ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਵੀ ਇਸੇ ਤਰ੍ਹਾਂ ਦਾ ਰੋਸਟਰ ਬਣਾਉਣ, ਤਾਂ ਜੋ ਪੁਲਿਸਿੰਗ ਦੇ ਕੰਮ ਵਿੱਚ ਕੋਈ ਰੁਕਾਵਟ ਨਾ ਆਵੇ।

ਇਸ ਨੀਤੀ ਅਨੁਸਾਰ ਦਿੱਤੀ ਜਾਣ ਵਾਲੀ ਛੁੱਟੀ ਨੂੰ ਆਮ ਛੁੱਟੀ ਨਹੀਂ ਮੰਨਿਆ ਜਾਵੇਗਾ। ਕਰਮਚਾਰੀ ਆਪਣੇ ਤਾਇਨਾਤੀ ਸਥਾਨ ‘ਤੇ ਹੀ ਰਹਿਣਗੇ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਉਨ੍ਹਾਂ ਨੂੰ ਤੁਰੰਤ ਡਿਊਟੀ ‘ਤੇ ਵਾਪਸ ਬੁਲਾਇਆ ਜਾ ਸਕਦਾ ਹੈ।

ਖੰਨਾ ਵਿੱਚ ਇਸ ਵੇਲੇ ਲਗਭਗ 700 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਹਨ, ਜਿਨ੍ਹਾਂ ਵਿੱਚੋਂ ਕਰੀਬ 200 ਕਰਮਚਾਰੀ ਥਾਣਿਆਂ ਵਿੱਚ ਸੇਵਾ ਨਿਭਾ ਰਹੇ ਹਨ। ਐਸ.ਐਸ.ਪੀ. ਨੇ ਮੰਨਿਆ ਕਿ ਘੱਟ ਸਟਾਫ਼ ਦੇ ਬਾਵਜੂਦ ਡਿਊਟੀ ਮੈਨੇਜ ਕਰਨਾ ਚੁਣੌਤੀਪੂਰਨ ਹੈ, ਪਰ ਕਰਮਚਾਰੀਆਂ ਦੀ ਭਲਾਈ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸੀਨੀਅਰ ਅਧਿਕਾਰੀਆਂ ਦੇ ਅਨੁਸਾਰ ਲੰਮੇ ਸਮੇਂ ਤੱਕ ਲਗਾਤਾਰ ਡਿਊਟੀ ਕਰਨ ਨਾਲ ਪੁਲਿਸ ਕਰਮਚਾਰੀਆਂ ਦੀ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ ਅਤੇ ਉਹ ਆਪਣੇ ਪਰਿਵਾਰ ਨੂੰ ਵੀ ਸਮਾਂ ਨਹੀਂ ਦੇ ਸਕਦੇ। ਇਸ ਨਾਲ ਕੰਮ ਦੇ ਦੌਰਾਨ ਤਣਾਅ ਅਤੇ ਲੋਕਾਂ ਨਾਲ ਵਤੀਰੇ ਵਿੱਚ ਚਿੜਚਿੜਾਪਣ ਵੀ ਆ ਸਕਦਾ ਹੈ।

ਨਵੇਂ ਹੁਕਮਾਂ ਦੇ ਤਹਿਤ ਜਦੋਂ ਐਸ.ਐਚ.ਓ. ਸਾਪਤਾਹਿਕ ਛੁੱਟੀ ‘ਤੇ ਹੋਣਗੇ, ਤਾਂ ਉਸ ਦਿਨ ਐਡੀਸ਼ਨਲ ਐਸ.ਐਚ.ਓ. ਜਾਂ ਹੋਰ ਨਿਯੁਕਤ ਅਧਿਕਾਰੀ ਜ਼ਿੰਮੇਵਾਰੀ ਸੰਭਾਲਣਗੇ, ਜਿਸ ਨਾਲ ਕਾਨੂੰਨ-ਵਿਵਸਥਾ ਬਿਨਾਂ ਰੁਕਾਵਟ ਜਾਰੀ ਰਹੇਗੀ। ਐਸ.ਐਚ.ਓ. ਦਰਪਣ ਅਹਲੂਵਾਲੀਆ ਨੇ ਕਿਹਾ ਕਿ ਲਗਾਤਾਰ ਤਣਾਅ ਭਰੀ ਡਿਊਟੀ ਕਾਰਨ ਥਕਾਵਟ ਵੱਧ ਜਾਂਦੀ ਹੈ, ਜਿਸ ਨਾਲ ਕੰਮ ਦੀ ਕਾਰਗੁਜ਼ਾਰੀ ਅਤੇ ਵਿਹਾਰ ਪ੍ਰਭਾਵਿਤ ਹੁੰਦਾ ਹੈ। ਹਫ਼ਤਾਵਾਰੀ ਛੁੱਟੀ ਨਾਲ ਕਰਮਚਾਰੀਆਂ ਨੂੰ ਮਾਨਸਿਕ ਸੰਤੁਲਨ ਅਤੇ ਪਰਿਵਾਰਕ ਜੀਵਨ ਵਿੱਚ ਸੁਧਾਰ ਮਿਲੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande