
ਸ੍ਰੀ ਮੁਕਤਸਰ ਸਾਹਿਬ, 03 ਅਪ੍ਰੈਲ (ਹਿੰ.ਸ.)। ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ (ਡੀ.ਐੱਲ.ਆਰ.ਸੀ.) ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ੍ਰੀ ਮੁਕਤਸਰ ਸਾਹਿਬ ਵਿਖੇ ਉਪ-ਮੰਡਲ ਮੈਜਿਸਟ੍ਰੇਟ ਗੁਰਕਿਰਨਦੀਪ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਿਕਰਮ ਦੱਤ (ਲੀਡ ਜ਼ਿਲ੍ਹਾ ਮੈਨੇਜਰ), ਗੁਰਿੰਦਰ ਸਿੰਘ (ਐਲ.ਡੀ.ਓ, ਆਰ.ਬੀ.ਆਈ), ਸੁਰੇਸ਼ ਕੁਮਾਰ (ਡੀ.ਡੀ.ਐਮ, ਨਾਬਾਰਡ), ਮਨਜੀਤ ਸਿੰਘ (ਆਰ.ਐਸ.ਈ.ਟੀ.ਆਈ, ਡਾਇਰੈਕਟਰ) ਅਤੇ ਰਮਨਦੀਪ ਕੌਰ (ਐਫ.ਸੀ, ਏ.ਆਰ.ਓ.ਐਚ ਫਾਊਂਡੇਸ਼ਨ) ਸ਼ਾਮਲ ਸਨ।
ਇਸ ਮੌਕੇ ਲੀਡ ਜ਼ਿਲ੍ਹਾ ਮੈਨੇਜ਼ਰ ਵਿਕਰਮ ਦੱਤ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੁਕਤਸਰ ਸਾਹਿਬ ਨੇ 31.12.2025 ਤੱਕ ਸਾਲਾਨਾ ਕ੍ਰੈਡਿਟ ਪਲਾਨ (ਏ.ਸੀ.ਪੀ.) ਦੇ ਟੀਚੇ (8232 ਕਰੋੜ ਰੁਪਏ) ਦਾ 88 ਫੀਸਦੀ ਹਾਸਲ ਕਰ ਲਿਆ ਹੈ। ਇਸ ਵਿੱਚ ਖੇਤੀਬਾੜੀ ਖੇਤਰ ਵਿੱਚ 88 ਫੀਸਦੀ ਅਤੇ ਐਮ.ਐੱਸ.ਐੱਮ.ਈ. ਖੇਤਰ ਵਿੱਚ 79 ਫੀਸਦੀ ਦੀ ਪ੍ਰਾਪਤੀ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏ.ਆਈ.ਐੱਫ਼) ਦੇ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਹਿਬ ਪ੍ਰਵਾਨਿਤ ਪ੍ਰੋਜੈਕਟਾਂ ਦੀ ਕੁੱਲ ਗਿਣਤੀ ਵਿੱਚ ਭਾਰਤ ਵਿੱਚ ਛੇਵੇਂ ਨੰਬਰ 'ਤੇ ਰਿਹਾ ਹੈ। ਹੁਣ ਤੱਕ 2246 ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ਲਈ 420 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਹਨ ਅਤੇ ਕੁੱਲ ਪ੍ਰੋਜੈਕਟ ਲਾਗਤ 607 ਕਰੋੜ ਰੁਪਏ ਹੈ ।
ਇਸ ਮੌਕੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਉਤਸ਼ਾਹਿਤ ਕਰਨ ਲਈ ਤਕਨੀਕੀ ਸਿਖਲਾਈ ਅਤੇ ਕ੍ਰੈਡਿਟ ਲਿੰਕੇਜ ਪ੍ਰਦਾਨ ਕਰਨ 'ਤੇ ਜ਼ੋਰ ਦਿੱਤਾ ਗਿਆ। ਸਮਾਜਿਕ ਸੁਰੱਖਿਆ ਸਕੀਮਾਂ ਦੇ ਤਹਿਤ ਹੋਈ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ। ਬੈਂਕਾਂ ਨੂੰ ਸਾਈਬਰ ਧੋਖਾਧੜੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਹੀਨਾਵਾਰ ਜਾਗਰੂਕਤਾ ਕੈਂਪ ਲਗਾਉਣ ਦੀ ਸਲਾਹ ਵੀ ਦਿੱਤੀ ਗਈ।
ਮੀਟਿੰਗ ਦੌਰਾਨ ਸਾਰੇ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰ (ਡੀ.ਸੀ.ਓ) ਸ਼ਾਮਲ ਹੋਏ। ਮੀਟਿੰਗ ਦਾ ਮੁੱਖ ਮੰਤਵ ਦਸੰਬਰ ਤਿਮਾਹੀ ਦੌਰਾਨ ਕੀਤੇ ਗਏ ਕੰਮਾਂ ਅਤੇ ਪ੍ਰਾਪਤੀਆਂ ਦੀ ਸਮੀਖਿਆ ਕਰਨ 'ਤੇ ਕੇਂਦ੍ਰਿਤ ਸੀ ਅਤੇ ਆਉਣ ਵਾਲੇ ਵਿੱਤੀ ਟੀਚਿਆਂ ਨੂੰ ਸੁਚਾਰੂ ਬਣਾਉਣ ਲਈ ਬਕਾਇਆ ਕੰਮਾਂ ਅਤੇ ਰਣਨੀਤੀਆਂ ਬਾਰੇ ਮੁੱਖ ਵਿਚਾਰ-ਵਟਾਂਦਰਾ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ