ਲੁਧਿਆਣਾ ਦੇ ਮਾਧੋਪੁਰੀ ’ਚ ਮਨੀ ਟ੍ਰਾਂਸਫਰ ਦੁਕਾਨ ‘ਤੇ ਲੁੱਟ, ਬਦਮਾਸ਼ਾਂ ਨੇ ਕੀਤੀ ਗੋਲੀਬਾਰੀ
ਲੁਧਿਆਣਾ, 03 ਅਪ੍ਰੈਲ (ਹਿੰ.ਸ.)| ਸ਼ਹਿਰ ਦੇ ਮਾਧੋਪੁਰੀ ਇਲਾਕੇ ਦੀ ਗਲੀ ਨੰਬਰ 18 ਵਿੱਚ ਦੇਰ ਰਾਤ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਬਾਈਕ ‘ਤੇ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਇੱਕ ਮਨੀ ਟ੍ਰਾਂਸਫਰ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ। ਲੁੱਟ ਦੌਰਾਨ ਬਦਮਾਸ਼ਾਂ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਦੁਕਾਨਦਾਰ ਜਖ਼ਮੀ
ਗੋਲੀਬਾਰੀ ਕਰਦੇ ਹੋਏ ਬਦਮਾਸ਼।


ਲੁਧਿਆਣਾ, 03 ਅਪ੍ਰੈਲ (ਹਿੰ.ਸ.)| ਸ਼ਹਿਰ ਦੇ ਮਾਧੋਪੁਰੀ ਇਲਾਕੇ ਦੀ ਗਲੀ ਨੰਬਰ 18 ਵਿੱਚ ਦੇਰ ਰਾਤ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਬਾਈਕ ‘ਤੇ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਇੱਕ ਮਨੀ ਟ੍ਰਾਂਸਫਰ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ। ਲੁੱਟ ਦੌਰਾਨ ਬਦਮਾਸ਼ਾਂ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਦੁਕਾਨਦਾਰ ਜਖ਼ਮੀ ਹੋ ਗਿਆ, ਜਦਕਿ ਬਚਾਉ ਕਰਨ ਆਏ ਇੱਕ ਪੜੋਸੀ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜਖ਼ਮੀ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਦੁਕਾਨਦਾਰ ਮੁਹੰਮਦ ਅੰਜਾਰ ਆਲਮ ਆਪਣੀ “ਸਾਹਿਲ ਟੈਲੀਕੌਮ” ਦੁਕਾਨ ‘ਤੇ ਇਕੱਲੇ ਮੌਜੂਦ ਸਨ। ਇਸ ਦੌਰਾਨ ਬਾਈਕ ‘ਤੇ ਦੋ ਨਕਾਬਪੋਸ਼ ਨੌਜਵਾਨ ਉੱਥੇ ਪਹੁੰਚੇ ਅਤੇ ਅੰਦਰ ਦਾਖਲ ਹੋ ਕੇ ਲੁੱਟ ਕਰਨੀ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ ਬੰਦੂਕ ਦੀ ਨੋਕ ’ਤੇ ਦੁਕਾਨਦਾਰ ਨੂੰ ਧਮਕੀ ਦਿੱਤੀ। ਡਰ ਦੇ ਬਾਵਜੂਦ ਜਦੋਂ ਅੰਜਾਰ ਆਲਮ ਨੇ ਸ਼ੋਰ ਮਚਾਇਆ ਤਾਂ ਇੱਕ ਬਦਮਾਸ਼ ਨੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ, ਜੋ ਉਨ੍ਹਾਂ ਦੇ ਹੱਥ ‘ਚ ਲੱਗੀ।

ਦੁਕਾਨਦਾਰ ਦੇ ਮੁਤਾਬਕ ਬਦਮਾਸ਼ ਦੁਕਾਨ ਵਿੱਚੋਂ ਨਕਦੀ ਇਕੱਠੀ ਕਰਕੇ ਇੱਕ ਲਿਫਾਫੇ ਵਿੱਚ ਪਾ ਕੇ ਭੱਜਣ ਲੱਗੇ। ਇਸ ਦੌਰਾਨ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਹਿੰਮਤ ਦਿਖਾਉਂਦੇ ਹੋਏ ਅੰਜਾਰ ਆਲਮ ਨੇ ਇੱਕ ਬਦਮਾਸ਼ ਦੇ ਸਿਰ ‘ਤੇ ਡੰਡੇ ਨਾਲ ਵਾਰ ਕੀਤਾ, ਜਿਸ ਨਾਲ ਲਿਫਾਫਾ ਹੱਥੋਂ ਛੁਟ ਗਿਆ ਅਤੇ ਸੜਕ ‘ਤੇ ਡਿੱਗ ਗਿਆ।

ਫਾਇਰਿੰਗ ਦੀ ਆਵਾਜ਼ ਸੁਣ ਕੇ ਨੇੜਲੇ ਮਨਚੰਦਾ ਕਰਿਆਣਾ ਸਟੋਰ ਦੇ ਮਾਲਕ ਨੀਕੂ ਮੌਕੇ ‘ਤੇ ਪਹੁੰਚੇ। ਬਦਮਾਸ਼ਾਂ ਨੇ ਆਪਣੇ ਆਪ ਨੂੰ ਘਿਰਦਾ ਦੇਖ ਕੇ ਨੀਕੂ ‘ਤੇ ਤੇਜ਼ਧਾਰ ਹਥਿਆਰ ਨਾਲ ਸਿਰ ‘ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜਖ਼ਮੀ ਹੋ ਗਿਆ ਤੇ ਡਿੱਗ ਪਿਆ।

ਘਟਨਾ ਤੋਂ ਬਾਅਦ ਬਦਮਾਸ਼ ਭੱਜਦੇ ਸਮੇਂ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਲਈ 3-4 ਰਾਊਂਡ ਹਵਾਈ ਫਾਇਰ ਵੀ ਕੀਤੇ। ਪੂਰੀ ਘਟਨਾ ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਗੋਲੀਬਾਰੀ ਦੀ ਆਵਾਜ਼ ਨਾਲ ਇਲਾਕੇ ਵਿੱਚ ਅਫਰਾਤਫਰੀ ਮਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਦੌੜ ਪਏ।

ਸੂਚਨਾ ਮਿਲਣ ‘ਤੇ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਨਕਾਬਪੋਸ਼ ਬਦਮਾਸ਼ਾਂ ਦੀ ਪਛਾਣ ਕੀਤੀ ਜਾ ਸਕੇ। ਫਿਲਹਾਲ ਦੋਵੇਂ ਦੋਸ਼ੀ ਫਰਾਰ ਹਨ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਵਾਰਦਾਤ ਤੋਂ ਪਹਿਲਾਂ ਇਲਾਕੇ ਦੀ ਰੈੱਕੀ ਕੀਤੀ ਸੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande