
ਗੜ੍ਹਸ਼ੰਕਰ/ਹੁਸ਼ਿਆਰਪੁਰ, 04 ਅਪ੍ਰੈਲ (ਹਿੰ.ਸ.)। ਪਿੰਡ ਨੂਰਪੁਰ ਜੱਟਾਂ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਦੀ ਹੋਈ ਘਿਨਾਉਣੀ ਬੇਅਦਬੀ ਵਿਰੁੱਧ ਬਹੁਜਨ ਸਮਾਜ ਪਾਰਟੀ ਵੱਲੋਂ ਗੜ੍ਹਸ਼ੰਕਰ ਦੀ ਧਰਤੀ 'ਤੇ ਰੋਹ ਭਰਪੂਰ 'ਪੱਕਾ ਮੋਰਚਾ' ਲਗਾ ਦਿੱਤਾ ਗਿਆ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬਸਪਾ ਪੰਜਾਬ ਦੇ ਪ੍ਰਧਾਨ ਅਤੇ ਕੇਂਦਰੀ ਇੰਚਾਰਜ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸਰਕਾਰ 'ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਮੌਜੂਦਾ ਹਕੂਮਤ ਦੀ ਨਾਕਾਮੀ ਕਾਰਨ ਅੱਜ ਬਹੁਜਨ ਸਮਾਜ ਦੇ ਰਹਿਬਰਾਂ ਦਾ ਅਪਮਾਨ ਸ਼ਰੇਆਮ ਹੋ ਰਿਹਾ ਹੈ।ਡਾ. ਕਰੀਮਪੁਰੀ ਨੇ ਬੇਬਾਕੀ ਨਾਲ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਫੜਨ ਦੀ ਬਜਾਏ ਢਿੱਲ-ਮੱਠ ਦੀ ਨੀਤੀ ਅਪਣਾ ਰਹੀ ਹੈ, ਜਿਸਨੂੰ ਬਸਪਾ ਕਦੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਹੁਣ ਤੱਕ 9 ਵਾਰ ਬਾਬਾ ਸਾਹਿਬ ਦੀ ਬੇਅਦਬੀ ਹੋ ਚੁੱਕੀ ਹੈ। ਇਹ ਮਹਿਜ਼ ਇਤਫ਼ਾਕ ਨਹੀਂ, ਸਗੋਂ ਇੱਕ ਗਿਣੀ-ਮਿਥੀ ਸਾਜ਼ਿਸ਼ ਹੈ ਜਿਸ ਵਿੱਚ 'ਆਪ' ਅਤੇ ਕੇਂਦਰ ਦੀ ਭਾਜਪਾ ਸਰਕਾਰ ਦੋਵੇਂ ਬਰਾਬਰ ਦੀਆਂ ਦੋਸ਼ੀ ਹਨ। ਦੋਵਾਂ ਸਰਕਾਰਾਂ ਨੇ ਅੰਬੇਡਕਰ ਸਾਹਿਬ ਦੇ ਬੁੱਤਾਂ ਦੀ ਸੁਰੱਖਿਆ ਅਤੇ ਭਾਵਨਾਵਾਂ ਦੀ ਕਦਰ ਕਰਨ ਦੀ ਬਜਾਏ ਹਮੇਸ਼ਾ ਪਿੱਠ ਦਿਖਾਈ ਹੈ।ਵਿਰੋਧੀ ਧਿਰਾਂ 'ਤੇ ਵਰ੍ਹਦਿਆਂ ਡਾ. ਕਰੀਮਪੁਰੀ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੀ ਖਾਮੋਸ਼ੀ ਇਹ ਸਾਬਤ ਕਰ ਰਹੀ ਹੈ ਕਿ ਉਹ ਵੀ ਅੰਦਰਖਾਤੇ ਬਾਬਾ ਸਾਹਿਬ ਪ੍ਰਤੀ ਨਫ਼ਰਤ ਪਾਲੀ ਬੈਠੇ ਹਨ। ਉਨ੍ਹਾਂ ਸਵਾਲ ਕੀਤਾ ਕਿ ਅੱਜ ਜਦੋਂ ਸੰਵਿਧਾਨ ਦੇ ਨਿਰਮਾਤਾ ਦਾ ਅਪਮਾਨ ਹੋ ਰਿਹਾ ਹੈ, ਤਾਂ ਇਨ੍ਹਾਂ ਪਾਰਟੀਆਂ ਦੇ ਮੂੰਹ ਕਿਉਂ ਸਿਊਂਤੇ ਗਏ ਹਨ? ਇਨ੍ਹਾਂ ਦੀ ਚੁੱਪ ਦੱਸਦੀ ਹੈ ਕਿ ਇਹ ਵੀ ਬਹੁਜਨ ਵਿਰੋਧੀ ਮਾਨਸਿਕਤਾ ਦਾ ਹਿੱਸਾ ਹਨ।ਡਾ. ਨਛੱਤਰਪਾਲ ਜੋਨ ਇੰਚਾਰਜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਦੋਸ਼ੀ ਗ੍ਰਿਫਤਾਰ ਕਰੇ। ਉਨ੍ਹਾਂ ਕਿਹਾ ਕਿ ਡਾਕਟਰ ਅੰਬੇਡਕਰ ਦੇ ਸਨਮਾਨ ਦਾ ਮੁੱਦਾ ਪੰਜਾਬ ਦੀ ਜਨਤਾ ਦੀ ਕਚਹਿਰੀ ਵਿੱਚ ਉਠਾਇਆ ਜਾਏਗਾ। ਇਸ ਮੌਕੇ ਪਾਰਟੀ ਦੇ ਜੋਨ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ, ਤੀਰਥ ਰਾਜਪੁਰਾ ਜੋਨ ਇੰਚਾਰਜ਼, ਲੋਕ ਸਭਾ ਇੰਚਾਰਜ ਪਰਵੀਨ ਬੰਗਾ, ਸਟੇਟ ਸੈਕਟਰੀ ਰਣਬੀਰ ਬੱਬਰ, ਸਟੇਟ ਸੈਕਟਰੀ ਸੁਖਦੇਵ ਬਿੱਟਾ, ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ, ਸਰਪੰਚ ਖੁਸ਼ੀ ਰਾਮ ਫਲੋਰ ਵਿਧਾਨ ਸਭਾ ਇੰਚਾਰਜ਼, ਬਖਸ਼ੀਸ਼ ਭੀਮ ਇੰਚਾਰਜ ਵਿਧਾਨ ਸਭਾ ਗੜਸ਼ੰਕਰ, ਅਸ਼ੋਕ ਬੜੇ ਸਰੋਂ ਇੰਚਾਰਜ਼ ਵਿਧਾਨ ਸਭਾ ਗੜਸ਼ੰਕਰ, ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਪ੍ਰਧਾਨ ਮਾ. ਮਲਕੀਤ ਸਿੰਘ, ਪਲਵਿੰਦਰ ਮਾਨਾ ਐਡਵੋਕੇਟ ਇੰਚਾਰਜ਼ ਵਿਧਾਨ ਸਭਾ ਚੱਬੇਵਾਲ, ਯਸ਼ ਭੱਟੀ ਪ੍ਰਧਾਨ ਬਸਪਾ ਵਿਧਾਨ ਸਭਾ ਹਲਕਾ ਚੱਬੇਵਾਲ ਸਮੇਤ ਪਾਰਟੀ ਸਮਰਥਕ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ