ਮੁੱਖ ਮੰਤਰੀ ਸਿਹਤ ਯੋਜਨਾ ਨਾਲ 2 ਲੱਖ ਪਰਿਵਾਰਾਂ ਦਾ ਹੋਇਆ ਮੁਫ਼ਤ ਇਲਾਜ : ਸਿਹਤ ਮੰਤਰੀ
ਚੰਡੀਗੜ੍ਹ, 05 ਅਪ੍ਰੈਲ (ਹਿੰ.ਸ.)| ਮੁੱਖ ਮੰਤਰੀ ਸਿਹਤ ਯੋਜਨਾ ਸਕੀਮ ਰਾਹੀਂ ਹੁਣ ਤੱਕ 2 ਲੱਖ ਤੋਂ ਵੱਧ ਪਰਿਵਾਰਾਂ ਨੂੰ ਮਹਿੰਗੇ ਇਲਾਜ ਦੇ ਆਰਥਿਕ ਬੋਝ ਤੋਂ ਬਚਾਇਆ ਗਿਆ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਯੋਜਨਾ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਵਧਾਉਂਦੀ ਹੋਈ ਇਹ ਯਕੀਨ
ਸਿਹਤ ਮੰਤਰੀ ਡਾ. ਬਲਬੀਰ ਸਿੰਘ।


ਚੰਡੀਗੜ੍ਹ, 05 ਅਪ੍ਰੈਲ (ਹਿੰ.ਸ.)| ਮੁੱਖ ਮੰਤਰੀ ਸਿਹਤ ਯੋਜਨਾ ਸਕੀਮ ਰਾਹੀਂ ਹੁਣ ਤੱਕ 2 ਲੱਖ ਤੋਂ ਵੱਧ ਪਰਿਵਾਰਾਂ ਨੂੰ ਮਹਿੰਗੇ ਇਲਾਜ ਦੇ ਆਰਥਿਕ ਬੋਝ ਤੋਂ ਬਚਾਇਆ ਗਿਆ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਯੋਜਨਾ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਵਧਾਉਂਦੀ ਹੋਈ ਇਹ ਯਕੀਨੀ ਬਣਾ ਰਹੀ ਹੈ ਕਿ ਇਲਾਜ ਹੁਣ ਸਿਰਫ਼ ਵਿੱਤੀ ਸਮਰੱਥਾ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਹਰ ਜ਼ਰੂਰਤਮੰਦ ਤੱਕ ਪਹੁੰਚਦਾ ਹੈ।

ਇਸ ਯੋਜਨਾ ਹੇਠ ਨਵਜੰਮੇ ਬੱਚਿਆਂ ਦੀ ਗੰਭੀਰ ਦੇਖਭਾਲ ਤੋਂ ਲੈ ਕੇ ਜਟਿਲ ਸਰਜਰੀਆਂ ਅਤੇ ਕੈਂਸਰ, ਦਿਲ ਦੇ ਰੋਗ ਤੇ ਅਧਰੰਗ ਵਰਗੀਆਂ ਗੰਭੀਰ ਬਿਮਾਰੀਆਂ ਦਾ ਕੈਸ਼ਲੇਸ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇੱਕ ਮਾਮਲੇ ਵਿੱਚ ਏਮਜ਼ ਬਠਿੰਡਾ ਵਿੱਚ ਅਧਪੱਕੇ ਜਨਮੇ ਬੱਚੇ ਦੇ ਇਲਾਜ ‘ਤੇ ਆਏ 4.35 ਲੱਖ ਰੁਪਏ ਦਾ ਖਰਚਾ ਸਰਕਾਰ ਵੱਲੋਂ ਭਰਿਆ ਗਿਆ। ਪੂਰੇ ਸੂਬੇ ਵਿੱਚ 900 ਤੋਂ ਵੱਧ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਜਾਲ ਰਾਹੀਂ 2 ਲੱਖ ਤੋਂ ਵੱਧ ਇਲਾਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 40 ਹਜ਼ਾਰ ਤੋਂ ਵੱਧ ਸਰਜਰੀਆਂ ਸ਼ਾਮਲ ਹਨ। ਇਸ ‘ਤੇ 300 ਕਰੋੜ ਰੁਪਏ ਤੋਂ ਵੱਧ ਖਰਚ ਕੀਤਾ ਗਿਆ ਹੈ। ਡਾਇਲਸਿਸ ਸੇਵਾਵਾਂ ਨੂੰ ਖਾਸ ਤਰਜੀਹ ਦਿੱਤੀ ਗਈ ਹੈ। ਸੂਬੇ ਵਿੱਚ 68 ਹਜ਼ਾਰ ਤੋਂ ਵੱਧ ਗੁਰਦਾ ਮਰੀਜ਼ਾਂ ਨੂੰ ਲਗਾਤਾਰ ਡਾਇਲਸਿਸ ਮੁਹੱਈਆ ਕਰਵਾਈ ਗਈ ਹੈ, ਜਿਸ ‘ਤੇ 14 ਕਰੋੜ ਰੁਪਏ ਤੋਂ ਵੱਧ ਖਰਚ ਹੋਇਆ ਹੈ।

ਕੈਂਸਰ ਇਲਾਜ ਹੇਠ 14 ਹਜ਼ਾਰ ਤੋਂ ਵੱਧ ਮਰੀਜ਼ਾਂ ਨੂੰ ਕੀਮੋਥੈਰੇਪੀ, ਰੇਡੀਏਸ਼ਨ ਅਤੇ ਸਰਜਰੀ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ‘ਤੇ 35 ਕਰੋੜ ਰੁਪਏ ਤੋਂ ਵੱਧ ਖਰਚ ਆਇਆ ਹੈ। ਇਸ ਤੋਂ ਇਲਾਵਾ ਦਿਲ ਦੀਆਂ ਬਿਮਾਰੀਆਂ ਲਈ ਵੀ 5,700 ਤੋਂ ਵੱਧ ਮਾਮਲਿਆਂ ਵਿੱਚ ਇਲਾਜ ਕੀਤਾ ਗਿਆ ਹੈ, ਜਿਸ ਵਿੱਚ 47 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਈ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਯੋਜਨਾ ਸਿਰਫ਼ ਅੰਕੜੇ ਨਹੀਂ, ਸਗੋਂ ਉਹਨਾਂ ਪਰਿਵਾਰਾਂ ਦੀਆਂ ਕਹਾਣੀਆਂ ਹਨ ਜਿਨ੍ਹਾਂ ਨੂੰ ਹੁਣ ਇਲਾਜ ਲਈ ਕਰਜ਼ਾ ਨਹੀਂ ਲੈਣਾ ਪੈਂਦਾ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਇਲਾਜ ਮਰੀਜ਼ ਦੀ ਲੋੜ ਦੇ ਅਧਾਰ ‘ਤੇ ਹੋਵੇ, ਨਾ ਕਿ ਉਸਦੀ ਆਰਥਿਕ ਹਾਲਤ ਦੇ ਅਧਾਰ ‘ਤੇ। ਸਰਕਾਰ ਲੋਕਾਂ ਨੂੰ ਸਿਹਤ ਕਾਰਡ ਬਣਵਾਉਣ ਲਈ ਵੀ ਪ੍ਰੇਰਿਤ ਕਰ ਰਹੀ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਯੋਜਨਾ ਦਾ ਲਾਭ ਲੈ ਸਕਣ ਅਤੇ ਸਮੇਂ ‘ਤੇ ਇਲਾਜ ਪ੍ਰਾਪਤ ਕਰ ਸਕਣ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande