
ਅੰਮ੍ਰਿਤਸਰ, 05 ਅਪ੍ਰੈਲ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਹੇਠ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 4.13 ਕਿਲੋਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਵੇਂ ਦੋਸ਼ੀ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ੇ ਦੀ ਖੇਪ ਮੰਗਵਾਉਂਦੇ ਸਨ। ਇਹ ਖੇਪ ਬਾਅਦ ਵਿੱਚ ਮਾਝਾ ਅਤੇ ਦੁਆਬਾ ਖੇਤਰਾਂ ਵਿੱਚ ਸਪਲਾਈ ਕੀਤੀ ਜਾਂਦੀ ਸੀ। ਪੁਲਿਸ ਮੁਤਾਬਕ ਇਹ ਗਿਰੋਹ ਕਾਫ਼ੀ ਸਮੇਂ ਤੋਂ ਸਰਗਰਮ ਸੀ ਅਤੇ ਇਸ ਦੇ ਸੰਪਰਕ ਯੂਰਪ ਵਿੱਚ ਬੈਠੇ ਨਸ਼ਾ ਤਸਕਰਾਂ ਅਤੇ ਜੇਲ੍ਹ ਵਿੱਚ ਬੰਦ ਕੁਝ ਕਾਰਕੁਨਾਂ ਨਾਲ ਸਨ। ਪੁਲਿਸ ਦੀ ਇਸ ਕਾਰਵਾਈ ਨਾਲ ਇਸ ਵੱਡੇ ਨਸ਼ਾ ਤਸਕਰੀ ਨੈੱਟਵਰਕ ਨੂੰ ਵੱਡਾ ਝਟਕਾ ਲੱਗਿਆ ਹੈ।
ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਆਤਿਸ਼ ਸੁਮਨ ਅਤੇ ਸੁਖਵਿੰਦਰ ਉਰਫ਼ ਸੁੰਦਰੀ ਵਜੋਂ ਹੋਈ ਹੈ। ਆਤਿਸ਼ ਸੁਮਨ ਫਗਵਾੜਾ ਨੇੜਲੇ ਪਿੰਡ ਦਾ ਰਹਿਣ ਵਾਲਾ ਹੈ, ਜਿਸ ਨੇ ਡੀਜ਼ਲ ਮਕੈਨਿਕ ਦਾ ਡਿਪਲੋਮਾ ਕੀਤਾ ਹੋਇਆ ਹੈ ਅਤੇ ਮਹਿੰਦਰਾ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ਦੀ ਉਮਰ ਕਰੀਬ 22 ਸਾਲ ਹੈ ਅਤੇ ਉਸ ਦੇ ਯੂਰਪ ਅਧਾਰਤ ਤਸਕਰਾਂ ਨਾਲ ਸਿੱਧੇ ਸੰਪਰਕ ਸਨ। ਉਸ ਦੇ ਖ਼ਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਦੂਜਾ ਦੋਸ਼ੀ ਸੁਖਵਿੰਦਰ ਉਰਫ਼ ਸੁੰਦਰੀ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਬੋਪਰ ਰਾਏ ਕਲਾ ਦਾ ਰਹਿਣ ਵਾਲਾ ਹੈ। ਉਸ ਦੀ ਉਮਰ ਲਗਭਗ 28 ਸਾਲ ਹੈ ਅਤੇ ਉਹ ਡਰਾਈਵਰ ਵਜੋਂ ਕੰਮ ਕਰਦਾ ਸੀ। ਪੁਲਿਸ ਮੁਤਾਬਕ ਉਸ ਦੇ ਖ਼ਿਲਾਫ ਵੀ ਪਹਿਲਾਂ ਕਈ ਕੇਸ ਦਰਜ ਹਨ ਅਤੇ ਉਹ ਵੀ ਇਸ ਗਿਰੋਹ ਦਾ ਸਰਗਰਮ ਮੈਂਬਰ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਾਲ 2026 ਵਿੱਚ ਹੁਣ ਤੱਕ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਐਨਡੀਪੀਐਸ ਐਕਟ ਹੇਠ 488 ਮਾਮਲੇ ਦਰਜ ਕੀਤੇ ਗਏ ਹਨ ਅਤੇ 840 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ 31 ਕਿਲੋਗ੍ਰਾਮ ਤੋਂ ਵੱਧ ਹੀਰੋਇਨ ਅਤੇ 18 ਲੱਖ ਰੁਪਏ ਤੋਂ ਵੱਧ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨਸ਼ਾ ਤਸਕਰੀ ਦੇ ਖ਼ਿਲਾਫ਼ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰੇਗੀ ਅਤੇ ਅਜਿਹੇ ਗਿਰੋਹਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਤੱਕ ਵੀ ਪਹੁੰਚ ਬਣਾਈ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH