ਪੰਜਾਬ-ਚੰਡੀਗੜ੍ਹ ‘ਚ ਮੀਂਹ ਤੇ ਗੜ੍ਹੇਮਾਰੀ ਨਾਲ ਮੌਸਮ ਠੰਡਾ, ਕਈ ਜ਼ਿਲ੍ਹਿਆਂ ‘ਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ
ਤਾਪਮਾਨ ‘ਚ 0.7°C ਦੀ ਕਮੀ, 7-8 ਅਪ੍ਰੈਲ ਨੂੰ ਮੁੜ ਮੀਂਹ ਦੇ ਆਸਾਰ
ਸੁਖਨਾ ਝੀਲ ਦੀ ਫੋਟੋ।


ਚੰਡੀਗੜ੍ਹ, 05 ਅਪ੍ਰੈਲ (ਹਿੰ.ਸ.)|

ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੀਂਹ ਅਤੇ ਓਲੇ ਪੈਣ ਨਾਲ ਮੌਸਮ ਵਿੱਚ ਠੰਡਕ ਆ ਗਈ ਹੈ। ਤਾਪਮਾਨ ਵਿੱਚ 0.7 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਆਮ ਤੋਂ 2.6 ਡਿਗਰੀ ਘੱਟ ਹੈ। ਹਾਲਾਂਕਿ ਅੱਜ (5 ਅਪ੍ਰੈਲ) ਲਈ ਕਿਸੇ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ, ਪਰ 6 ਜ਼ਿਲ੍ਹਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਜ਼ਰੂਰ ਜਤਾਈ ਗਈ ਹੈ। ਪਟਿਆਲਾ ਵਿੱਚ ਸਭ ਤੋਂ ਵੱਧ ਤਾਪਮਾਨ 31°C ਦਰਜ ਕੀਤਾ ਗਿਆ ਹੈ, ਜਦਕਿ ਪਹਿਲਾਂ ਇਹ 35°C ਤੱਕ ਪਹੁੰਚ ਗਿਆ ਸੀ।

ਕਈ ਥਾਵਾਂ ‘ਤੇ ਹਲਕੀ ਬਾਰਿਸ਼ ਦੇ ਆਸਾਰ

ਰਾਜ ਵਿੱਚ ਕੱਲ੍ਹ ਤੋਂ ਹੀ ਮੌਸਮ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਸੀ। ਸ਼ਾਮ ਦੇ ਸਮੇਂ ਕੁਝ ਇਲਾਕਿਆਂ ਵਿੱਚ ਮੀਂਹ ਅਤੇ ਓਲੇ ਪਏ, ਜਦਕਿ ਰਾਤ ਤੋਂ ਬਾਰਿਸ਼ ਲਗਾਤਾਰ ਜਾਰੀ ਰਹੀ। ਸਵੇਰੇ 3 ਤੋਂ 6 ਵਜੇ ਤੱਕ ਵੀ ਕਈ ਥਾਵਾਂ ‘ਤੇ ਮੀਂਹ ਦਰਜ ਕੀਤਾ ਗਿਆ। ਅੱਜ ਪਠਾਨਕੋਟ, ਗੁਰਦਾਸਪੁਰ, ਹੋਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਫਾਜ਼ਿਲਕਾ ‘ਚ ਸਭ ਤੋਂ ਵੱਧ ਮੀਂਹ

ਸ਼ਨੀਵਾਰ ਸ਼ਾਮ 5 ਵਜੇ ਤੱਕ ਫਾਜ਼ਿਲਕਾ (ਅਬੋਹਰ) ਵਿੱਚ 20.5 ਮਿਮੀ ਮੀਂਹ ਦਰਜ ਕੀਤਾ ਗਿਆ, ਜੋ ਸਭ ਤੋਂ ਵੱਧ ਰਿਹਾ। ਇਸ ਤੋਂ ਇਲਾਵਾ ਪਠਾਨਕੋਟ ਦੇ ਥੇਨ ਡੈਮ ‘ਤੇ 6.0 ਮਿਮੀ ਅਤੇ ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ 4.0 ਮਿਮੀ ਮੀਂਹ ਦਰਜ ਹੋਇਆ। ਹੋਰ ਖੇਤਰਾਂ ਵਿੱਚ ਪਠਾਨਕੋਟ ਕੇਵੀਕੇ ਵਿੱਚ 2.5 ਮਿਮੀ ਅਤੇ ਰੋਪੜ ਕੇਵੀਕੇ ਵਿੱਚ 1.0 ਮਿਮੀ ਬਾਰਿਸ਼ ਹੋਈ। ਚੰਡੀਗੜ੍ਹ, ਲੁਧਿਆਣਾ, ਪਟਿਆਲਾ ਅਤੇ ਮੋਹਾਲੀ ਵਿੱਚ ਦਿਨ ਦੇ ਸਮੇਂ ਮੌਸਮ ਸੁੱਕਾ ਰਿਹਾ, ਪਰ ਰਾਤ ਨੂੰ ਇੱਥੇ ਵੀ ਮੀਂਹ ਪਿਆ।

ਸੁਖਨਾ ਝੀਲ ਦੇ ਨੇੜੇ ਮੌਸਮ ਸੁਹਾਵਣਾ

ਬਾਰਿਸ਼ ਕਾਰਨ ਸੁਖਨਾ ਲੇਕ ਦੇ ਆਲੇ-ਦੁਆਲੇ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ ਅਤੇ ਲੋਕ ਇੱਥੇ ਮੌਸਮ ਦਾ ਅਨੰਦ ਮਾਣ ਰਹੇ ਹਨ।

ਪੱਛਮੀ ਵਿਘਨ ਕਾਰਨ ਬਦਲਿਆ ਮੌਸਮ

ਮੌਸਮ ਵਿਭਾਗ ਅਨੁਸਾਰ ਕੇਂਦਰੀ ਪਾਕਿਸਤਾਨ ਉੱਤੇ ਬਣਿਆ ਪੱਛਮੀ ਵਿਘਨ ਅਜੇ ਵੀ ਸਰਗਰਮ ਹੈ, ਜੋ 3 ਤੋਂ 10 ਕਿਲੋਮੀਟਰ ਉਚਾਈ ਤੱਕ ਫੈਲਿਆ ਹੋਇਆ ਹੈ। ਇਸਦੇ ਨਾਲ ਹੀ ਉੱਤਰੀ-ਪੂਰਬੀ ਪਾਕਿਸਤਾਨ ਵਿੱਚ ਬਣਿਆ ਹਵਾਈ ਚੱਕਰ ਹੁਣ ਪੰਜਾਬ ਦੇ ਉੱਪਰ ਸਰਗਰਮ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ 5 ਅਤੇ 6 ਅਪ੍ਰੈਲ ਨੂੰ ਕੁਝ ਥਾਵਾਂ ‘ਤੇ ਹੀ ਬਾਰਿਸ਼ ਹੋਵੇਗੀ। ਅਗਲੇ 24 ਘੰਟਿਆਂ ਵਿੱਚ ਮੌਸਮ ਵਿੱਚ ਵੱਡਾ ਬਦਲਾਅ ਨਹੀਂ ਆਵੇਗਾ। ਅਗਲੇ 2 ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 2-3°C ਵਧੇਗਾ, ਜਦਕਿ ਉਸ ਤੋਂ ਬਾਅਦ 3-5°C ਦੀ ਗਿਰਾਵਟ ਆ ਸਕਦੀ ਹੈ। 7 ਅਤੇ 8 ਅਪ੍ਰੈਲ ਨੂੰ ਮੁੜ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande