
ਮੋਹਾਲੀ , 05 ਅਪ੍ਰੈਲ (ਹਿੰ.ਸ.)| ਮੋਹਾਲੀ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਜ਼ਬਤ ਕੀਤੀ ਗਈ ਭਾਰੀ ਮਾਤਰਾ ਵਿੱਚ ਨਸ਼ੀਲੀ ਵਸਤੂਆਂ ਨੂੰ ਨਸ਼ਟ ਕਰ ਦਿੱਤਾ। ਇਹ ਕਾਰਵਾਈ ਐਸਐਸਪੀ ਹਰਮਨਦੀਪ ਹਾਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੇਰਾਬੱਸੀ ਦੇ ਪਿੰਡ ਨਿੰਬੂਆ ਵਿੱਚ ਕੀਤੀ ਗਈ।
ਜ਼ਿਲ੍ਹਾ ਡਰੱਗ ਡਿਸਪੋਜ਼ਲ ਕਮੇਟੀ ਦੀ ਅਗਵਾਈ ਹੇਠ ਐਨਡੀਪੀਐਸ ਐਕਟ ਦੇ ਤਹਿਤ ਦਰਜ 153 ਮਾਮਲਿਆਂ ਨਾਲ ਸੰਬੰਧਿਤ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਨਿਯਮਾਂ ਅਨੁਸਾਰ ਕੀਤਾ ਗਿਆ। ਇਹ ਪ੍ਰਕਿਰਿਆ ਮੈਸਰਜ਼ ਆਰਈ ਸਸਟੇਨੇਬਿਲਟੀ ਲਿਮਿਟੇਡ (ਰੇਮਕੀ ਐਨਵਾਇਰੋ ਇੰਜੀਨੀਅਰਜ਼ ਲਿਮਿਟੇਡ) ਦੀ ਫੈਕਟਰੀ ਵਿੱਚ ਪੂਰੀ ਕੀਤੀ ਗਈ।
ਨਸ਼ਟ ਕੀਤੀ ਗਈ ਸਮੱਗਰੀ ਵਿੱਚ 2.769 ਕਿਲੋਗ੍ਰਾਮ ਹੀਰੋਇਨ, ਵੱਡੀ ਮਾਤਰਾ ਵਿੱਚ ਨਸ਼ੀਲਾ ਪਾਊਡਰ/ਚੂਰਾ, 19,790 ਨਸ਼ੀਲੀਆਂ ਗੋਲੀਆਂ, 1104 ਕੈਪਸੂਲ, 1.270 ਕਿਲੋਗ੍ਰਾਮ ਚਰਸ, 550 ਗ੍ਰਾਮ ਕੋਕੀਨ, 530 ਗ੍ਰਾਮ ਆਈਸ (ਮੈਥਾਮਫੇਟਾਮਾਈਨ) ਅਤੇ 57.740 ਕਿਲੋਗ੍ਰਾਮ ਗਾਂਜਾ ਸ਼ਾਮਲ ਸੀ।
ਐਸਐਸਪੀ ਹਰਮਨਦੀਪ ਹਾਂਸ ਨੇ ਦੱਸਿਆ ਕਿ ਇਹ ਪੂਰੀ ਕਾਰਵਾਈ ਅਦਾਲਤ ਦੇ ਹੁਕਮਾਂ ਅਤੇ ਨਿਰਧਾਰਤ ਕਾਨੂੰਨੀ ਪ੍ਰਕਿਰਿਆ ਅਧੀਨ ਕੀਤੀ ਗਈ ਹੈ। ਇਸਦਾ ਮੁੱਖ ਉਦੇਸ਼ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਨੂੰ ਮੁੜ ਗਲਤ ਹੱਥਾਂ ਵਿੱਚ ਜਾਣ ਤੋਂ ਰੋਕਣਾ ਹੈ।
ਇਸ ਮੌਕੇ ਜ਼ਿਲ੍ਹਾ ਡਰੱਗ ਡਿਸਪੋਜ਼ਲ ਕਮੇਟੀ ਦੇ ਮੈਂਬਰਾਂ ਅਤੇ ਵੱਖ-ਵੱਖ ਥਾਣਿਆਂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ। ਪੁਲਿਸ ਨੇ ਦੁਹਰਾਇਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਰਵੱਈਆ ਜਾਰੀ ਰਹੇਗਾ। ਅਧਿਕਾਰੀਆਂ ਮੁਤਾਬਕ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ‘ਜ਼ੀਰੋ ਟਾਲਰੈਂਸ’ ਨੀਤੀ ਅਧੀਨ ਇਸ ਤਰ੍ਹਾਂ ਦੇ ਅਭਿਆਨ ਲਗਾਤਾਰ ਚਲਾਏ ਜਾਣਗੇ, ਤਾਂ ਜੋ ਇਲਾਕੇ ਵਿੱਚ ਸੁਰੱਖਿਅਤ ਅਤੇ ਸਿਹਤਮੰਦ ਮਾਹੌਲ ਯਕੀਨੀ ਬਣਾਇਆ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH