ਮਿੱਟੀ ਦੀ ਸਿਹਤ ਸੁਧਾਰ ਅਤੇ ਖੇਤੀ ਪ੍ਰਣਾਲੀ ਮਜ਼ਬੂਤ ਕਰਨ ਲਈ ਪੰਜਾਬ ਰਾਜ ਖੁਰਾਕ ਕਮਿਸ਼ਨ ਦੀ ਨਵੀਂ ਕੋਸ਼ਿਸ਼
“ਖੇਤਾਂ ਤੋਂ ਪਲੇਟ ਤੱਕ” ਪਹਿਲਕਦਮੀ ਨਾਲ ਟਿਕਾਊ ਖੇਤੀ ਵੱਲ ਵੱਡਾ ਕਦਮ
ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ


ਚੰਡੀਗੜ੍ਹ, 05 ਅਪ੍ਰੈਲ (ਹਿੰ.ਸ.)| ਪੰਜਾਬ ਵਿੱਚ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ “ਖੇਤਾਂ ਤੋਂ ਪਲੇਟ ਤੱਕ” ਨਾਮਕ ਨਿਵੇਕਲੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਪਹਿਲਕਦਮੀ ਆਰ ਈ ਜੈਨਰੇਟਿੰਗ ਪੰਜਾਬ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ, ਜਿਸਦਾ ਮੁੱਖ ਉਦੇਸ਼ ਮਿੱਟੀ ਦੀ ਸਿਹਤ ਨੂੰ ਬਹਾਲ ਕਰਨਾ ਅਤੇ ਖੇਤੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣਾ ਹੈ।

ਇਸ ਮੌਕੇ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਖੇਤੀਬਾੜੀ ਅੱਜ ਮਿੱਟੀ ਦੀ ਘੱਟਦੀ ਉਪਜਾਊ ਸ਼ਕਤੀ, ਭੂਮੀਗਤ ਪਾਣੀ ਦੀ ਕਮੀ ਅਤੇ ਵਾਤਾਵਰਣੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਨ੍ਹਾਂ ਮੁੱਦਿਆਂ ਨਾਲ ਨਜਿੱਠਣ ਲਈ ਸਾਂਝੀ ਅਤੇ ਲੰਬੇ ਸਮੇਂ ਦੀ ਯੋਜਨਾ ਬਣਾਉਣ ਦੀ ਲੋੜ ਹੈ। ਸੈਮੀਨਾਰ ਦੌਰਾਨ ਮਿਸ ਸੁਮਿਤ ਸੰਧੂ ਨੇ ਪਹਿਲਕਦਮੀ ਦਾ ਏਜੰਡਾ ਪੇਸ਼ ਕਰਦਿਆਂ ਟਿਕਾਊ ਖੇਤੀ ਲਈ ਨਵੀਆਂ ਰਣਨੀਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੰਜਾਬ, ਯੂਕੇ ਅਤੇ ਯੂਐਸਏ ਤੋਂ ਆਏ ਮਾਹਿਰਾਂ ਅਤੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ ਅਤੇ ਆਪਣੇ ਤਜਰਬੇ ਸਾਂਝੇ ਕੀਤੇ।

ਚਰਚਾ ਦੌਰਾਨ ਔਰਗੈਨਿਕ ਖੇਤੀ, ਫਸਲੀ ਵਿਭਿੰਨਤਾ, ਗੰਡੋਇਆ ਖਾਦ ਦੀ ਵਰਤੋਂ, ਮਿੱਟੀ ਵਿੱਚ ਜੈਵਿਕ ਕਾਰਬਨ ਦੀ ਵਾਧਾ, ਪਾਣੀ ਦੀ ਸਮਝਦਾਰ ਵਰਤੋਂ ਅਤੇ ਫੂਡ ਪ੍ਰੋਸੈਸਿੰਗ ਵਰਗੇ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ ਕੀਤਾ ਗਿਆ। ਸਾਰੇ ਵਿਚਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਨਾਲ ਜੋੜੇ ਗਏ, ਜਿਸ ਨਾਲ ਪ੍ਰਕਿਰਤੀ ਪ੍ਰਤੀ ਸਨਮਾਨ ਦਾ ਸੰਦੇਸ਼ ਦਿੱਤਾ ਗਿਆ।

ਸੈਮੀਨਾਰ ਵਿੱਚ ਕਈ ਪ੍ਰਮੁੱਖ ਮਾਹਿਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਮੁਕਤੀ ਕੁਮਾਰ ਨੇ ਮਿੱਟੀ ਵਿੱਚ ਜੈਵਿਕ ਕਾਰਬਨ ਦੀ ਮਹੱਤਤਾ ਉਜਾਗਰ ਕੀਤੀ, ਜਦਕਿ ਡਾ. ਬਲਜਿੰਦਰ ਸਿੰਘ ਸੈਣੀ ਨੇ ਮਿੱਟੀ ਦੀ ਗੁਣਵੱਤਾ ਸੁਧਾਰਨ ਲਈ ਵਿਹਾਰਕ ਸੁਝਾਅ ਦਿੱਤੇ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੇ ਕਿਸਾਨਾਂ ਨੇ ਆਪਣੇ ਤਜਰਬਿਆਂ ਨਾਲ ਸੈਸ਼ਨ ਨੂੰ ਹੋਰ ਜਾਣਕਾਰੀਭਰਪੂਰ ਬਣਾਇਆ।

ਇਸ ਪਹਿਲਕਦਮੀ ਦੇ ਤਹਿਤ ਇੱਕ “ਥਿੰਕ ਐਂਡ ਡੂ ਟੈਂਕ” ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ, ਜੋ ਖੇਤੀਬਾੜੀ ਵਿੱਚ ਨਵੀਨਤਾ ਅਤੇ ਸੁਧਾਰ ਲਿਆਉਣ ਲਈ ਕੰਮ ਕਰੇਗਾ। ਇਸ ਨਾਲ ਖੇਤੀ ਖੇਤਰ ਵਿੱਚ ਨੀਤੀਗਤ ਫੈਸਲੇ ਲੈਣ ਅਤੇ ਜਮੀਨੀ ਪੱਧਰ ‘ਤੇ ਲਾਗੂ ਕਰਨ ਵਿੱਚ ਤੇਜ਼ੀ ਆਵੇਗੀ। ਕਮਿਸ਼ਨ ਦੇ ਮੈਂਬਰਾਂ ਨੇ ਇਸ ਉਪਰਾਲੇ ਨੂੰ ਸਮੇਂ ਦੀ ਲੋੜ ਕਰਾਰ ਦਿੰਦਿਆਂ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਦੀ ਖੇਤੀਬਾੜੀ ਨੂੰ ਨਵੀਂ ਦਿਸ਼ਾ ਦੇਵੇਗੀ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande