ਪਟਿਆਲਾ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਚੋਣਾਂ ਤੋਂ ਪਹਿਲਾਂ ਕੀਤੇ ਕਈ ਵੱਡੇ ਐਲਾਨ
ਬੁਢਾਪਾ ਪੈਨਸ਼ਨ 3100 ਰੁਪਏ ਅਤੇ ਸ਼ਗਨ ਸਕੀਮ 1 ਲੱਖ ਕਰਨ ਦਾ ਐਲਾਨ
ਪਟਿਆਲਾ ਰੈਲੀ ਦੌਰਾਨ ਅਕਾਲੀ ਆਗੂ।


ਪਟਿਆਲਾ, 05 ਅਪ੍ਰੈਲ (ਹਿੰ.ਸ.)| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਮੁਹਿੰਮ ਤਹਿਤ

ਪਟਿਆਲਾ ਦਿਹਾਤੀ ਵਿੱਚ ਐਤਵਾਰ ਨੂੰ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਤੇ ਉਹਨਾਂ ਦੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ

ਚੋਣਾਂ ਤੋਂ ਬਾਅਦ ਮੁੱਖ ਮੰਤਰੀ ਅਤੇ ਉਹਨਾਂ ਦੇ ਓਐਸਡੀਜ਼ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ ਅਤੇ

ਉਹਨਾਂ ਨੂੰ ਕੀਤੇ ਗਏ ਭ੍ਰਿਸ਼ਟ ਕੰਮਾਂ ਲਈ ਕਾਨੂੰਨ ਅਨੁਸਾਰ ਜਵਾਬਦੇਹ ਬਣਾਇਆ ਜਾਵੇਗਾ। ਬਾਦਲ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਆਗੂ ਸਮਝਦੇ ਹਨ ਕਿ ਉਹ ਕੈਨੇਡਾ,

ਆਸਟ੍ਰੇਲੀਆ ਜਾਂ ਹੋਰ ਦੇਸ਼ਾਂ ਵਿੱਚ ਭੱਜ ਕੇ ਆਪਣੇ ਗੈਰ-ਕਾਨੂੰਨੀ ਪੈਸੇ ਨਾਲ ਬਚ ਜਾਣਗੇ,

ਪਰ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਉਹਨਾਂ ਨੂੰ ਵਾਪਸ ਲਿਆ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਹੋਏ ਧੋਖੇ ਦਾ ਹਿਸਾਬ ਲਿਆ ਜਾਵੇਗਾ।

ਮੀਡੀਆ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਮੁੱਖ ਮੰਤਰੀ ਨੂੰ ਚੁਣੌਤੀ

ਦਿੱਤੀ ਕਿ ਉਹ ਆਪਣੀ ਭਾਰੀ ਪੁਲਿਸ ਸੁਰੱਖਿਆ ਤੋਂ ਬਿਨਾਂ ਕਿਸੇ ਵੀ ਪਿੰਡ ਵਿੱਚ ਜਾ ਕੇ ਵਿਖਾਉਣ।

ਉਨ੍ਹਾਂ ਦੋਸ਼ ਲਾਇਆ ਕਿ ਜਿੱਥੇ ਵੀ ਮੁੱਖ ਮੰਤਰੀ ਜਾਂਦੇ ਹਨ, ਉੱਥੇ ਸੁਰੱਖਿਆ ਦੇ

ਨਾਂ ‘ਤੇ ਲੋਕਾਂ ‘ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ ਅਤੇ ਹਥਿਆਰ ਜ਼ਬਤ ਕਰ ਲਏ ਜਾਂਦੇ

ਹਨ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਬਿਨਾਂ ਸੁਰੱਖਿਆ ਦੇ ਕਿਸੇ ਪਿੰਡ ਵਿੱਚ ਜਾਣਗੇ ਤਾਂ

ਲੋਕ ਉਹਨਾਂ ਨੂੰ ਅਸਲੀ ਹਾਲਤ ਦਾ ਅਹਿਸਾਸ ਕਰਵਾ ਦੇਣਗੇ। ਉਨ੍ਹਾਂ ਅਕਾਲੀ ਵਰਕਰਾਂ ਅਤੇ ਨਾਰਾਜ਼ ਆਗੂਆਂ ਨੂੰ ਅਪੀਲ ਕੀਤੀ ਕਿ ਉਹ

ਸਾਰੇ ਆਪਸੀ ਮਤਭੇਦ ਭੁਲਾ ਕੇ ਪਾਰਟੀ ਦੇ ਝੰਡੇ ਹੇਠ ਇਕੱਠੇ ਹੋਣ, ਤਾਂ ਜੋ ਪੰਜਾਬ ਨੂੰ

ਬਾਹਰੀ ਤਾਕਤਾਂ ਤੋਂ ਬਚਾਇਆ ਜਾ ਸਕੇ ਅਤੇ ਰਾਜ ਦੀ ਖੁਸ਼ਹਾਲੀ ਮੁੜ ਲਿਆਈ ਜਾ ਸਕੇ।

ਬਾਦਲ ਨੇ ਐਲਾਨ ਕੀਤਾ ਕਿ ਜੇ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ

ਮੌਜੂਦਾ ਸਰਕਾਰ ਵੱਲੋਂ ਦਰਜ ਕੀਤੇ ਸਾਰੇ ਕਥਿਤ ਝੂਠੇ ਕੇਸਾਂ ਦੀ ਜਾਂਚ ਲਈ ਇੱਕ ਮੌਜੂਦਾ ਜੱਜ ਦੀ

ਅਗਵਾਈ ਹੇਠ ਕਮੇਟੀ ਬਣਾਈ ਜਾਵੇਗੀ, ਜੋ ਤਿੰਨ ਮਹੀਨਿਆਂ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ। ਉਨ੍ਹਾਂ ਕਿਹਾ

ਕਿ ਸਾਰੇ ਝੂਠੇ ਕੇਸ ਰੱਦ ਕੀਤੇ ਜਾਣਗੇ ਅਤੇ ਜਿੰਨਾਂ ਨੇ ਇਹ ਕੇਸ ਦਰਜ ਕਰਵਾਏ ਹਨ, ਉਨ੍ਹਾਂ ਖ਼ਿਲਾਫ਼ ਵੀ

ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਦੇ ਵਿਕਾਸ ਲਈ ਆਪਣੀ ਯੋਜਨਾ ਦੱਸਦਿਆਂ ਬਾਦਲ ਨੇ ਕਿਹਾ ਕਿ ਅਗਲੀ

ਅਕਾਲੀ ਸਰਕਾਰ ਸੂਬੇ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰੇਗੀ ਅਤੇ ਨਵੀਆਂ ਉਦਯੋਗਿਕ ਇਕਾਈਆਂ ਵਿੱਚ 75

ਫੀਸਦੀ ਨੌਕਰੀਆਂ ਪੰਜਾਬੀਆਂ ਲਈ ਰੱਖਣ ਨੂੰ ਯਕੀਨੀ ਬਣਾਇਆ ਜਾਵੇਗਾ। ਨੌਜਵਾਨਾਂ ਲਈ ਵਿਆਜ਼-ਮੁਕਤ

10 ਲੱਖ ਰੁਪਏ ਤੱਕ ਦੇ ਕਰਜ਼ੇ ਅਤੇ ਪਸ਼ੂ ਪਾਲਣ ਲਈ 75 ਫੀਸਦੀ ਸਬਸਿਡੀ ਦੇਣ

ਦਾ ਵੀ ਵਾਅਦਾ ਕੀਤਾ ਗਿਆ।

ਉਨ੍ਹਾਂ ਹੋਰ ਕਿਹਾ ਕਿ ਅਕਾਲੀ ਸਰਕਾਰ ਬਣਨ ‘ਤੇ ਵਿਸ਼ਵ ਸਕਿੱਲ

ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ, ਜੋ ਹਰ ਸਾਲ ਇੱਕ ਲੱਖ ਨੌਜਵਾਨਾਂ ਨੂੰ ਸਿਖਲਾਈ ਦੇਵੇਗੀ। ਇਸ ਤੋਂ

ਇਲਾਵਾ ਆਟਾ-ਦਾਲ ਸਕੀਮ ਦਾ ਵਿਸਥਾਰ ਕੀਤਾ ਜਾਵੇਗਾ, ਬੁਢਾਪਾ ਪੈਨਸ਼ਨ ਵਧਾ

ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਅਤੇ ਸ਼ਗਨ ਸਕੀਮ ਦੀ ਰਕਮ 1

ਲੱਖ ਰੁਪਏ ਕੀਤੀ ਜਾਵੇਗੀ। ਰੈਲੀ ਦੌਰਾਨ ਕਈ ਹੋਰ

ਅਕਾਲੀ ਆਗੂਆਂ ਨੇ ਵੀ ਸੰਬੋਧਨ ਕੀਤਾ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande