
ਚੰਡੀਗੜ੍ਹ, 05 ਅਪ੍ਰੈਲ (ਹਿੰ.ਸ.)। 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਵੱਲੋਂ 06 ਅਪ੍ਰੈਲ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਦੀ ਰੈਲੀ ਦਾ ਤਿੱਖਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨ ਨਾਲ਼ 02 ਅਪ੍ਰੈਲ ਨੂੰ ਰੱਖੀ ਮੀਟਿੰਗ ਮੁੜ ਮੁਲਤਵੀ ਕਰ ਦਿੱਤੀ ਸੀ। ਇਹ ਸੱਤਵਾਂ ਮੌਕਾ ਸੀ ਜਦੋਂ ਸਿੱਖਿਆ ਮੰਤਰੀ ਨੇ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਚੰਡੀਗੜ੍ਹ ਮੀਟਿੰਗ ਲਈ ਸੱਦਿਆ, ਪਰ ਮੀਟਿੰਗ ਨਹੀਂ ਕੀਤੀ। 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫਰੰਟ ਨੇ ਲੰਘੀ 31 ਮਾਰਚ ਨੂੰ ਸਿੱਖਿਆ ਮੰਤਰੀ ਦੇ ਹਲਕੇ ਨੰਗਲ ਵਿਖੇ ਮੁੱਖ ਮੰਤਰੀ ਪੰਜਾਬ ਦੀ ਰੈਲੀ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਜਿਸਦਾ ਦਬਾਅ ਮੰਨਦਿਆਂ ਨੰਗਲ ਪ੍ਰਸ਼ਾਸਨ ਵੱਲੋਂ 02 ਅਪ੍ਰੈਲ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਸੀ।
ਮੀਟਿੰਗ ਵਿੱਚ ਸਾਥੀਆਂ ਸਮੇਤ ਪਹੁੰਚੇ ਪ੍ਰੋਫ਼ੈਸਰ ਜਸਵਿੰਦਰ ਕੌਰ ਨੇ ਕਿਹਾ ਕਿ ਉਹ ਸਰੀਰਕ ਤੌਰ ਤੇ 100 ਫੀਸਦੀ ਅਪਾਹਜ਼ ਹਨ ਅਤੇ ਵ੍ਹੀਲ ਚੇਅਰ ਤੋਂ ਬਗੈਰ ਕਿਤੇ ਆ ਜਾ ਨਹੀਂ ਸਕਦੇ, ਨਾ ਹੀ ਵਧੇਰੇ ਲੰਮਾ ਸਫ਼ਰ ਕਰ ਸਕਦੇ ਹਨ, ਪਰ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨੂੰ ਮੀਟਿੰਗ ਦੇ ਪੁਖਤਾ ਹੋਣ ਬਾਰੇ ਦੇਰ ਰਾਤ ਤੱਕ ਯਕੀਨ ਦਿਵਾਉਂਦੇ ਰਹੇ। ਜਦੋਂ 02 ਅਪ੍ਰੈਲ ਨੂੰ ਉਹ ਛੇ-ਸੱਤ ਘੰਟੇ ਦਾ ਲੰਮਾ ਸਫ਼ਰ ਕਰਕੇ ਸਿਵਿਲ ਸਕੱਤਰੇਤ ਚੰਡੀਗੜ੍ਹ ਮੀਟਿੰਗ ਲਈ ਪਹੁੰਚੇ ਤਾਂ ਪ੍ਰਸ਼ਾਸਨ ਨੇ ਸਿੱਖਿਆ ਮੰਤਰੀ ਦੀ ਸਿਹਤ ਨਸਾਜ਼ ਹੋਣ ਦੀ ਗੱਲ ਆਖ ਕੇ ਮੀਟਿੰਗ ਮੁੜ ਮੁਲਤਵੀ ਕਰ ਦਿੱਤੀ ਜਦੋਂ ਕਿ ਉਸੇ ਸਮੇਂ ਹਰਜੋਤ ਬੈਂਸ ਨੰਗਲ ਦੇ ਕਿਸੇ ਧਾਰਮਿਕ ਸਮਾਗਮ ਵਿੱਚ ਆਪਣੀ ਰਾਜਨੀਤੀ ਚਮਕਾ ਰਹੇ ਸਨ।
ਪ੍ਰੋਫ਼ੈਸਰ ਪਰਮਜੀਤ ਸਿੰਘ ਨੇ ਕਿਹਾ ਕਿ 1158 ਸਹਾਇਕ ਪ੍ਰੋਫ਼ੈਸਰ ਲਾਇਬ੍ਰੇਰੀਅਨ ਫ਼ਰੰਟ ਦੀ ਫਾਜ਼ਿਲਕਾ ਇਕਾਈ ਨੇ 02 ਅਪ੍ਰੈਲ ਦੀ ਮੀਟਿੰਗ ਨਾ ਹੋਣ ਦੀ ਸੂਰਤ ਵਿੱਚ ਫਾਜ਼ਿਲਕਾ ਵਿਖੇ ਮੁੱਖ ਮੰਤਰੀ ਪੰਜਾਬ ਦੀ ਰੈਲੀ ਦੌਰਾਨ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਜਿਸਨੂੰ ਟਾਲਣ ਲਈ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮੀਟਿੰਗ ਲਈ ਚੰਡੀਗੜ੍ਹ ਸੱਦ ਕੇ ਮੀਟਿੰਗ ਦਾ ਸਮਾਂ 11 ਵਜੇ ਤੋਂ ਬਦਲ ਕੇ 1 ਵਜੇ ਕਰ ਦਿੱਤਾ ਅਤੇ ਬਾਅਦ ਵਿੱਚ ਮੀਟਿੰਗ ਕਰਨ ਤੋਂ ਹੀ ਇਨਕਾਰੀ ਹੋ ਗਏ। ਉਨ੍ਹਾਂ ਕਿਹਾ ਉਹ ਸਰਕਾਰ ਦੀਆਂ ਸੰਘਰਸ਼ੀ ਲੋਕਾਂ ਨੂੰ ਥਕਾਉਣ-ਅਕਾਉਣ ਦੀਆਂ ਕੋਝੀਆਂ ਨੀਤੀਆਂ ਤੋਂ ਵਾਕਿਫ਼ ਹਨ। ਸਿੱਖਿਆ ਮੰਤਰੀ ਦੇ ਅਜਿਹੇ ਤਾਨਾਸ਼ਾਹੀ ਰਵੱਈਏ ਨੂੰ ਪੂਰਾ ਪੰਜਾਬ ਦੇਖ ਰਿਹਾ ਹੈ ਜਿਸਦਾ ਫ਼ਤਵਾ ਲੋਕ 2027 ਦੀਆਂ ਚੋਣਾਂ ਵਿੱਚ ਸੁਣਾਉਣਗੇ।
ਆਗੂਆਂ ਨੇ ਕਿਹਾ ਕਿ ਉਹ ਜਲਦ ਹੀ ਪੰਜਾਬ ਪੱਧਰੀ ਰੋਸ ਪ੍ਰਦਰਸ਼ਨ ਦੀ ਤਿਆਰੀ ਕਰਕੇ ਆਪ ਸਰਕਾਰ ਨੂੰ ਹਰ ਮੋਰਚੇ ਉੱਤੇ ਘੇਰਨਗੇ। ਇਸੇ ਲੜੀ ਤਹਿਤ ਪਟਿਆਲਾ ਨੇੜਲੇ ਕਾਲਜ ਮੁੱਖ ਮੰਤਰੀ ਦੀ 06 ਅਪ੍ਰੈਲ ਦੀ ਪਟਿਆਲਾ ਦਿਹਾਤੀ ਰੈਲੀ ਦਾ ਵਿਰੋਧ ਕਰਨਗੇ। ਇਸ ਐਲਾਨ ਮੌਕੇ ਪ੍ਰੋਫ਼ੈਸਰ ਪ੍ਰਿਤਪਾਲ ਸਿੰਘ, ਨਿਰਭੈ ਸਿੰਘ, ਗੁਰਮੁਖ ਸਿੰਘ, ਕਰਮਜੀਤ ਸਿੰਘ, ਡਾ. ਹਰਜੀਤ ਸਿੰਘ ਡਾ. ਕੁਲਦੀਪ ਸਿੰਘ, ਡਾ. ਸੋਹੇਲ, ਪਰਮਜੀਤ ਸਿੰਘ, ਜਸਵਿੰਦਰ ਕੌਰ ਅਤੇ ਪ੍ਰੋਫ਼ੈਸਰ ਅਰਸ਼ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ