
ਦੇਸ਼ ’ਚ ਸਿਰਫ 25 ਫੀਸਦੀ ਜੰਗਲਾਤ ਹੇਠ ਰਕਬਾ,ਕੇਂਦਰ ਦੇ ਅੰਕੜਿਆਂ ਨੇ ਵਧਾਈ ਚਿੰਤਾ
ਚੰਡੀਗੜ, 05 ਅਪ੍ਰੈਲ (ਹਿੰ.ਸ.)| ਰਾਜ ਸਭਾ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੁੱਛੇ ਗਏ ਲਿਖਤੀ ਸਵਾਲ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਦੇਸ਼ ਦੇ ਜੰਗਲਾਤ ਬਾਰੇ ਚਿੰਤਾਜਨਕ ਤਸਵੀਰ ਪੇਸ਼ ਕੀਤੀ ਹੈ। ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਕੇਂਦਰੀ ਮੰਤਰੀ ਕੀਰਤੀ ਵਰਧਨ ਨੇ ਦੱਸਿਆ ਕਿ ਦੇਸ਼ ਦਾ ਕੁੱਲ ਜੰਗਲ ਅਤੇ ਰੁੱਖ ਕਵਰ 8,27,357 ਵਰਗ ਕਿਲੋਮੀਟਰ ਹੈ, ਜੋ ਕਿ ਦੇਸ਼ ਦੇ ਕੁੱਲ ਭੂਗੋਲਿਕ ਖੇਤਰ 32,87,468.88 ਵਰਗ ਕਿਲੋਮੀਟਰ ਦਾ ਕੇਵਲ 25.17 ਫੀਸਦੀ ਹੈ।
ਇਹਨਾਂ ਅੰਕੜਿਆਂ ਵਿੱਚ ਸਭ ਤੋਂ ਵੱਧ ਚਿੰਤਾ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ ਜੰਗਲ ਅਤੇ ਰੁੱਖ ਕਵਰ ਸਿਰਫ਼ ਸਿਰਫ 6.59% ਫੀਸਦੀ ਹੈ, ਬਾਕੀ ਰਾਜਾਂ ਨਾਲੋਂ ਸਭ ਤੋਂ ਘੱਟ ਹੈ। ਜਦਕਿ ਹਰਿਆਣੇ ਦਾ 7.48%, ਰਾਜਸਥਾਨ ਦਾ 8.00, ਉੱਤਰ ਪ੍ਰਦੇਸ਼ 9.96% ਅਤੇ ਬਿਹਾਰ ਦਾ 10.52% ਜੰਗਲ ਕਵਰ ਦਰਜ਼ ਕੀਤਾ ਗਿਆ ਹੈ। ਸ਼੍ਰੀ ਕੀਰਤੀ ਵਰਧਨ ਨੇ ਦੱਸਿਆ ਕਿ ਦੇਸ਼ ਵਿੱਚ ਜੰਗਲ ਅਤੇ ਰੁੱਖ ਕਵਰ ਦਾ ਸਰਵੇ ਹਰ ਦੋ ਸਾਲ ਬਾਅਦ ਭਾਰਤ ਦਾ ਜੰਗਲਾਤ ਸਰਵੇਖਣ), ਦੇਹਰਾਦੂਨ ਵੱਲੋ ਕੀਤਾ ਜਾਂਦਾ ਹੈ। ਜਿਸਦੀ ਸਰਵੇ ਰਿਪੋਰਟ ਇੰਡੀਆ ਸਟੇਟ ਆਫ਼ ਫਾਰੈਸਟ ਰਿਪੋਰਟ ਵਿੱਚ ਜਾਰੀ ਕੀਤੀ ਜਾਂਦੀ ਹੈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਸਿਰਫ਼ ਅੰਕੜੇ ਨਹੀਂ, ਸਗੋਂ ਭਵਿੱਖ ਲਈ ਚੇਤਾਵਨੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਆਪਣੇ ਅੰਕੜੇ ਸਾਫ਼ ਦੱਸ ਰਹੇ ਹਨ ਕਿ ਅਸੀਂ ਕੁਦਰਤ ਨਾਲ ਕਿੰਨਾ ਵੱਡਾ ਖਿਲਵਾੜ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੰਗਲਾਂ ਦੀ ਘਟਦੀ ਰਕਬਾ ਭੂਮੀਗਤ ਪਾਣੀ ਦੇ ਡਿੱਗਦੇ ਪੱਧਰ, ਹਵਾ ਪ੍ਰਦੂਸ਼ਣ ਵਿੱਚ ਵਾਧਾ, ਮੌਸਮੀ ਤਬਦੀਲੀ ਦੇ ਗੰਭੀਰ ਪ੍ਰਭਾਵਾਂ ਅਤੇ ਲੋਕਾਂ ਦੀ ਸਿਹਤ ਨਾਲ ਸਿੱਧੀ ਜੁੜੀ ਹੋਈ ਹੈ
ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਵਰਗੇ ਖੇਤੀਬਾੜੀ ਪ੍ਰਧਾਨ ਰਾਜ ਵਿੱਚ ਜੰਗਲ ਕਵਰ ਦਾ ਇਹ ਦਰਜਾ ਬਹੁਤ ਹੀ ਖਤਰਨਾਕ ਹੈ। ਉਹਨਾਂ ਕਿਹਾ ਕਿ ਇਹ ਸਾਡੇ ਲਈ ਖਤਰੇ ਦੀ ਘੰਟੀ ਹੈ, ਜੇ ਅਸੀਂ ਹੁਣ ਵੀ ਨਾ ਜਾਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਾਰੀ ਮੁੱਲ ਚੁਕਾਉਣਾ ਪਵੇਗਾ। ਸੰਤ ਸੀਚੇਵਾਲ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਜੰਗਲ ਕਵਰ ਵਧਾਉਣ ਲਈ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਵਾਤਾਵਰਣਕ ਸੰਕਟ ਵੱਲ ਵਧ ਸਕਦਾ ਹੈ।
---------------
ਹਿੰਦੂਸਥਾਨ ਸਮਾਚਾਰ / ਸੰਜੀਵ