ਤਰਨ ਤਾਰਨ : ਜਨਗਣਨਾ ਦੇ ਪਹਿਲੇ ਪੜਾਅ ਲਈ ਫੀਲਡ ਟ੍ਰੇਨਰਜ਼ ਦੀ 3 ਦਿਨਾਂ ਟ੍ਰੇਨਿੰਗ ਸ਼ੁਰੂ
-ਡਿਪਟੀ ਕਮਿਸ਼ਨਰ ਨੇ ਟ੍ਰੇਨਿੰਗ ਦੀ ਰਸਮੀ ਤੌਰ 'ਤੇ ਕੀਤੀ ਸ਼ੁਰੂਆਤ
ਜਨਗਣਨਾ ਸਬੰਧੀ ਟ੍ਰੇਨਿੰਗ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਰਾਹੁਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਜ) ਸੁਰਿੰਦਰ ਸਿੰਘ, ਉਪ ਅਰਥ ਅਤੇ ਅੰਕੜਾ ਸਲਾਹਕਾਰ ਡਾ.ਅਮਨਦੀਪ ਸਿੰਘ ਤੇ ਹੋਰ।


ਤਰਨ ਤਾਰਨ, 06 ਅਪ੍ਰੈਲ (ਹਿੰ.ਸ.)। ਜਨਗਣਨਾ ਦੇ ਪਹਿਲੇ ਪੜਾਅ ਲਈ ਤਰਨ ਤਾਰਨ ਜ਼ਿਲ੍ਹੇ ਦੇ 35 ਫੀਲਡ ਟ੍ਰੇਨਰਜ਼ ਦੀ 3 ਦਿਨਾਂ ਟ੍ਰੇਨਿੰਗ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸ਼ੁਰੂ ਹੋਈ। ਡਿਪਟੀ ਕਮਿਸ਼ਨਰ ਰਾਹੁਲ ਵੱਲੋਂ ਇਸ ਟ੍ਰੇਨਿੰਗ ਦੀ ਰਸਮੀ ਤੌਰ 'ਤੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਜ਼ਿਲ੍ਹਾ ਸੈਂਸਜ਼ ਅਫ਼ਸਰ ਤਰਨ ਤਾਰਨ ਸੁਰਿੰਦਰ ਸਿੰਘ, ਉਪ ਅਰਥ ਅਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ, ਜਨਗਣਨਾ ਵਿਭਾਗ ਦੇ ਸਹਾਇਕ ਡਾਇਰੈਕਟਰ ਸਵਦੇਸ਼ ਪ੍ਰਤਾਪ ਸਿੰਘ ਸ਼ਕੀਆ ਹਾਜ਼ਰ ਸਨ। ਇਹ ਟ੍ਰੇਨਿੰਗ ਜ਼ਿਲ੍ਹੇ ਦੇ ਮਾਸਟਰ ਟ੍ਰੇਨਰ ਤਰਸੇਮ ਸਿੰਘ ਵੱਲੋਂ ਸਹਾਇਕ ਡਾਇਰੈਕਟਰ ਨਾਲ ਸਾਂਝੇ ਤੌਰ 'ਤੇ ਦਿੱਤੀ ਗਈ। ਇਹ ਟ੍ਰੇਨਿੰਗ ਮਿਤੀ 7 ਅਤੇ 9 ਅਪ੍ਰੈਲ ਨੂੰ ਵੀ ਹੋਵੇਗੀ।

ਡਿਪਟੀ ਕਮਿਸ਼ਨਰ ਰਾਹੁਲ ਨੇ ਇਸ ਮੌਕੇ ਦੱਸਿਆ ਕਿ ਜਨਗਣਨਾ ਦਾ ਪਹਿਲਾ ਪੜਾਅ ਮਿਤੀ 15 ਮਈ ਤੋਂ ਸ਼ੁਰੂ ਹੋ ਰਿਹਾ ਹੈ। ਇਸਦੇ ਨਾਲ ਹੀ ਨਾਗਰਿਕਾਂ ਵੱਲੋਂ ਪਹਿਲੀ ਵਾਰ ਆਪਣੀ ਜਨਗਣਨਾ ਆਪ ਕਰਨ ਦਾ ਵਿਕਲਪ ਵੀ ਰੱਖਿਆ ਗਿਆ ਹੈ, ਜਿਸ ਤਹਿਤ ਕੋਈ ਵੀ ਵਿਅਕਤੀ ਮਿਤੀ 30 ਅਪ੍ਰੈਲ 2026 ਤੋਂ ਜਨਗਣਨਾ ਵਿਭਾਗ ਦੇ ਪੋਰਟਲ/ਸਾਈਟ 'ਤੇ ਆਪਣੀ ਸੂਚਨਾ ਆਪ ਦਰਜ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ 35 ਫੀਲਡ ਟ੍ਰੇਨਰਜ਼ ਵੱਲੋਂ ਮਿਤੀ 20 ਅਪ੍ਰੈਲ ਤੋਂ ਜਨਗਣਨਾ ਵਿਚ ਤਾਇਨਾਤ ਸੁਪਰਵਾਈਜ਼ਰਾਂ, ਗਿਣਤੀਕਾਰਾਂ ਨੂੰ ਟ੍ਰੇਨਿੰਗ ਦਿਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਇਸ ਮਹੱਤਵਪੂਰਨ ਕੰਮ ਵਿਚ ਗਿਣਤੀਕਾਰਾਂ ਨੂੰ ਸਹੀ ਸੂਚਨਾ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਜਨਗਣਨਾ ਲਈ ਇਕੱਤਰ ਕੀਤੀ ਗਈ ਸੂਚਨਾ ਸਰਕਾਰ ਵੱਲੋਂ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਜਨਗਣਨਾ ਦਾ ਕੰਮ ਅਤਿ ਮਹੱਤਵਪੂਰਨ ਹੈ ਅਤੇ ਇਹ ਸਰਕਾਰ ਵੱਲੋਂ ਨਵੀਆਂ ਵਿਕਾਸ ਯੋਜਨਾਵਾਂ ਉਲੀਕਣ ਵਿਚ ਸਹਾਇਕ ਹੋਵੇਗਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande