ਬੀਬੀਐਮਬੀ ਨੇ ਬਿਆਸ ਕਿਨਾਰੇ ਲਗਾਈ ਅਗੇਤੀ ਚੇਤਾਵਨੀ ਪ੍ਰਣਾਲੀ
ਬੀਬੀਐਮਬੀ ਚੇਅਰਮੈਨ ਇੰਜ. ਮਨੋਜ ਤ੍ਰਿਪਾਠੀ ਨੇ ਆਨਲਾਈਨ ਕੀਤਾ ਉਦਘਾਟਨ
ਉਦਘਾਟਨ ਸਾਈਟ ਦੀ ਤਸਵੀਰ


ਅਗੇਤੀ ਚੇਤਾਵਨੀ ਪ੍ਰਣਾਲੀ ਯੁਨਿਟ


ਤਲਵਾੜਾ, 06 ਅਪ੍ਰੈਲ (ਹਿੰ.ਸ.)। ਕਿਸੇ ਵੀ ਅਪਾਤ ਸਥਿਤੀ ਵਿਚ ਡੈਮ ਤੋਂ ਬਿਆਸ ਨਦੀ ਵਿਚ ਵਾਧੂ ਪਾਣੀ ਛੱਡੇ ਜਾਣ ਦੀ ਸਥਿਤੀ ਵਿਚ ਨਦੀ ਕਿਨਾਰੇ ਦੇ ਲੋਕਾਂ ਨੂੰ ਹੁਣ ਤੁਰੰਤ ਇਸਦੀ ਸੂਚਨਾ ਮਿਲੇਗੀ। ਇਸ ਲਈ ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਬਿਆਸ ਦੇ ਕਿਨਾਰੇ ’ਤੇ ਅਗੇਤੀ ਚੇਤਾਵਨੀ ਪ੍ਰਣਾਲੀ ਸਥਾਪਿਤ ਕੀਤੀ ਹੈ। ਇਸਦਾ ਉਦਘਾਟਨ ਆਨਲਾਈਨ ਤਰੀਕੇ ਨਾਲ ਬੋਰਡ ਦੇ ਚੇਅਰਮੈਨ ਇੰਜਨੀਅਰ ਮਨੋਜ ਤ੍ਰਿਪਾਠੀ ਵੱਲੋਂ ਕੀਤਾ ਗਿਆ ਹੈ। ਇਸ ਤਹਿਤ 6 ਅਗੇਤੀ ਚੇਤਾਵਨੀ ਸਿਸਟਮ ਲਗਾਏ ਗਏ ਹਨ। ਇਸ ਮੌਕੇ ਸਾਇਟ ਤੇ ਬਿਆਸ ਡੈਮ ਦੇ ਮੁੱਖ ਇੰਜਨੀਅਰ ਰਾਕੇਸ਼ ਗੁਪਤਾ, ਉਪ ਮੁੱਖ ਇੰਜਨੀਅਰ ਵਿਮਲ ਕੁਮਾਰ ਮੀਨਾ, ਨਿਗਰਾਨ ਇੰਜਨੀਅਰ ਮਨਵੀਨ ਚੌਧਰੀ, ਕਾਰਜਕਾਰੀ ਇੰਜਨੀਅਰ ਵਿਨੈ ਕੁਮਾਰ, ਐਸਡੀਓ ਪਰਮਿੰਦਰ ਸਿੰਘ ਵੀ ਹਾਜ਼ਰ ਸਨ।

ਚੇਅਰਮੈਨ ਮਨੋਜ ਤ੍ਰਿਪਾਠੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜਦੋਂ ਕਦੇ ਅਪਾਤ ਸਥਿਤੀ ਵਿਚ ਪੋਂਗ ਡੈਮ ਤੋਂ ਪਾਣੀ ਛੱਡਣਾ ਪੈਂਦਾ ਸੀ ਤਾਂ ਬੋਰਡ ਦੀਆਂ ਟੀਮਾਂ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਵੱਲੋਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਊਡ ਸਪੀਕਰਾਂ ਨਾਲ ਸੁਚੇਤ ਕੀਤਾ ਜਾਂਦਾ ਸੀ ਅਤੇ 6 ਪਬਲਿਕ ਐਡਰੈਸ ਸਿਸਟਮ ਲਗਾਏ ਹੋਏ ਸਨ। ਇਸ ਨਾਲ ਲੋਕਾਂ ਤੱਕ ਸੂਚਨਾ ਪਹੁੰਚਣ ਵਿਚ ਸਮਾਂ ਲਗਦਾ ਸੀ ਅਤੇ ਕੋਈ ਹਾਦਸਾ ਵਾਪਰਨ ਦਾ ਡਰ ਰਹਿੰਦਾ ਸੀ, ਪਰ ਹੁਣ ਨਵੇਂ ਚਿਤਾਵਨੀ ਪ੍ਰਣਾਲੀ ਨਾਲ ਇਹ ਸੂਚਨਾ ਤੁਰੰਤ ਹੀ ਲੋਕਾਂ ਤੱਕ ਪਹੁੰਚੇਗੀ। ਉਨ੍ਹਾਂ ਨੇ ਕਿਹਾ ਕਿ ਬੀਬੀਐਮਬੀ ਹਮੇਸਾ ਹੀ ਆਪਣੇ ਲੋਕਾਂ ਦੀ ਬਿਹਤਰ ਸੇਵਾ ਲਈ ਸਮਰਪਿਤ ਰਹਿੰਦਾ ਹੈ ਅਤੇ ਇਸੇ ਹੀ ਜਨਹਿੱਤ ਦੇ ਉਦੇਸ਼ ਨਾਲ ਇਹ ਪ੍ਰੋਜੈਕਟ ਲਗਾਇਆ ਗਿਆ ਹੈ।

ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਦੱਸਿਆ ਕਿ 52 ਗੇਟ ਬੈਰਾਜ ਤੋਂ ਲੈ ਕੇ ਮਿਰਥਲ ਤੱਕ ਲਗਭਗ 50 ਕਿਲੋਮੀਟਰ ਦੀ ਦੂਰੀ ਤੱਕ ਇਹ 6 ਅਗੇਤੀ ਚੇਤਾਵਨੀ ਪ੍ਰਣਾਲੀ ਕੇਂਦਰ ਸਥਾਪਿਤ ਕੀਤੇ ਗਏ ਹਨ। ਇਹ ਪੇਖਾਂ, ਸੰਸਾਰਪੁਰ ਟੈਰੇਸ, ਸ਼ਾਹ ਬੈਰਾਜ ਦੇ ਸੱਜੇ ਪਾਸੇ, ਰਿਆਲੀ (ਫਤਿਹਪੁਰ) ਬੇਲਾ ਸੜਿਆਣਾ (ਮੁਕੇਰੀਆਂ), ਪਰਲ (ਇੰਦੋਰਾ) ਅਤੇ ਅਰਨੀ ਯੂਨੀਵਰਸਿਟੀ ਇੰਦੋਰਾ ਨੇੜੇ ਲਗਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਚਿਤਾਵਨੀ ਸਿਸਟਮ ਆਬਾਦੀ ਖੇਤਰਾਂ ਦੇ ਨੇੜੇ ਲਗਾਏ ਗਏ ਹਨ ਅਤੇ ਜਦੋਂ ਵੀ ਡੈਮ ਤੋਂ ਪਾਣੀ ਛੱਡਣਾ ਪਵੇਗਾ ਤਾਂ ਪਹਿਲਾਂ ਹੀ ਇੰਨ੍ਹਾਂ ਅਗਾਉਂ ਚਿਤਾਵਨੀ ਪ੍ਰਣਾਲੀ ਪ੍ਰੋਜੈਕਟਾਂ ਤੋਂ ਅਲਰਟ ਜਾਰੀ ਹੋਵੇਗਾ ਅਤੇ ਲੋਕ ਨਦੀ ਦੇ ਬੈਡ ਤੋਂ ਦੂਰ ਹੋ ਜਾਣਗੇ। ਇਸ ਮੌਕੇ ਜੁਨੀਅਰ ਇੰਜਨੀਅਰ ਜਸਵਿੰਦਰ ਸਿੰਘ ਅਤੇ ਮਨੀਸ਼ ਸ਼ਰਮਾ ਵੀ ਹਾਜਰ ਸਨ।

---------------

ਹਿੰਦੂਸਥਾਨ ਸਮਾਚਾਰ / GURSHARAN SINGH

 rajesh pande