
ਜਲੰਧਰ , 06 ਅਪ੍ਰੈਲ (ਹਿੰ.ਸ.)| ਜਲੰਧਰ ਵਿੱਚ ਸੋਮਵਾਰ ਦੁਪਹਿਰ ਦਿਨਦਿਹਾੜੇ ਬੈਂਕ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਕੂੱਕੀ ਢਾਬੇ ਨੇੜੇ ਬੈਂਕ ਐਨਕਲੇਵ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਤੋਂ ਦੋ ਮੁੰਹ ਢੱਕੇ ਲੁਟੇਰੇ ਕਰੀਬ 7 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਲੁਟੇਰੇ ਸਕੂਟੀ ‘ਤੇ ਆਏ ਸਨ। ਇਕ ਲੁਟੇਰਾ ਬੈਂਕ ਦੇ ਬਾਹਰ ਨਿਗਰਾਨੀ ਕਰਦਾ ਰਿਹਾ, ਜਦਕਿ ਦੂਜਾ ਅੰਦਰ ਦਾਖਲ ਹੋ ਕੇ ਸਿੱਧਾ ਕੈਸ਼ ਕਾਊਂਟਰ ਵੱਲ ਗਿਆ। ਉਸ ਨੇ ਕੈਸ਼ੀਅਰ ਨੂੰ ਗਨ ਪੌਇੰਟ ‘ਤੇ ਲੈ ਕੇ ਸਾਰਾ ਪੈਸਾ ਦੇਣ ਲਈ ਕਿਹਾ। ਜਦੋਂ ਕੈਸ਼ੀਅਰ ਨੇ ਪਹਿਲਾਂ ਪੈਸੇ ਦੇਣ ਵਿੱਚ ਹਿਚਕਚਾਹਟ ਦਿਖਾਈ, ਤਾਂ ਲੁਟੇਰੇ ਨੇ ਪਿਸਤੌਲ ਕੱਢ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ। ਡਰ ਦੇ ਮਾਰੇ ਕੈਸ਼ ਕਾਊਂਟਰ ‘ਤੇ ਪਿਆ ਪੈਸਿਆਂ ਭਰਿਆ ਬੈਗ ਉਸਨੂੰ ਦੇ ਦਿੱਤਾ ਗਿਆ, ਜਿਸ ਵਿੱਚ ਲਗਭਗ 7 ਲੱਖ ਰੁਪਏ ਸਨ। ਉਸ ਸਮੇਂ ਬੈਂਕ ਵਿੱਚ 3 ਤੋਂ 5 ਗ੍ਰਾਹਕ ਵੀ ਮੌਜੂਦ ਸਨ।
ਇਹ ਸਾਰੀ ਘਟਨਾ ਦੁਪਹਿਰ ਕਰੀਬ 2:30 ਵਜੇ ਵਾਪਰੀ। ਘਟਨਾ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੋਵੇਂ ਲੁਟੇਰੇ ਮੁੰਹ ਢੱਕੇ ਹੋਏ ਬੈਗ ਲੈ ਕੇ ਬਾਹਰ ਨਿਕਲਦੇ ਅਤੇ ਸਕੂਟੀ ‘ਤੇ ਫਰਾਰ ਹੁੰਦੇ ਦਿਖ ਰਹੇ ਹਨ। ਸੂਚਨਾ ਮਿਲਣ ‘ਤੇ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਲੁੱਟ ਦੀ ਰਕਮ ਦਾ ਅੰਕਲਨ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH