
ਫਾਜ਼ਿਲਕਾ, 06 ਅਪ੍ਰੈਲ (ਹਿੰ.ਸ.)। ਡਾ. ਕਵਿਤਾ ਸਿੰਘ ਸਿਵਲ ਸਰਜਨ ਦੀ ਪ੍ਰਧਾਨਗੀ ਵਿੱਚ ਡਾ. ਸੁਨੀਤਾ ਕੰਬੋਜ਼ ਜ਼ਿਲ੍ਹਾ ਐਪੀਡੀਮੋਲੋਜਿਸਟ ਵੱਲੋਂ ਜ਼ਿਲ੍ਹੇ ਦੀ ਐਨਵੀਬੀਡੀਸੀਪੀ ਬ੍ਰਾਂਚ ਦੀ ਮਹੀਨਾਵਾਰ ਸਮੀਖਿਆ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਮਾਸ ਮੀਡੀਆ ਵਿੰਗ ਤੋਂ ਮਨਬੀਰ ਸਿੰਘ, ਦਿਵੇਸ਼ ਕੁਮਾਰ, ਸੁਨੀਤਾ ਰਾਣੀ, ਵਿਜੇ ਕੁਮਾਰ, ਵਿਕੀ ਕੁਮਾਰ, ਅਤਿੰਦਰ ਪਾਲ ਸਿੰਘ, ਸੁਖਦੇਵ ਸਿੰਘ, ਸਾਰੇ ਮਲਟੀਪਰਪਜ਼ ਹੈਲਥ ਸੁਪਰਵਾਈਜਰ ਅਤੇ ਵਰਕਰ ਹਾਜ਼ਰ ਸਨ। ਇਸ ਸਮੇਂ ਡੇਂਗੂ ਮਲੇਰੀਆ ਦੀ ਰੋਕਥਾਮ ਲਈ ਅਗੇਤੇ ਪ੍ਰਬੰਧਾਂ ਅਤੇ ਹੋਰ ਪ੍ਰੋਗਰਾਮਾਂ ਸਬੰਧੀ ਚਰਚਾ ਕੀਤੀ ਗਈ।
ਉਨ੍ਹਾਂ ਨੇ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਪਿਛਲੇ ਦਿਨਾਂ ਵਿੱਚ ਹੋਈ ਬਰਸਾਤਾਂ ਨੂੰ ਵੇਖਦੇ ਹੋਏ ਸਿਹਤ ਕਰਮੀਆਂ ਵੱਲੋਂ ਲੋੜ ਅਨੁਸਾਰ ਸਰਵੇ, ਮੱਛਰ ਦੇ ਲਾਰਵੇ ਨੂੰ ਨਸ਼ਟ ਕਰਨ ਅਤੇ ਬ੍ਰੀਡਿੰਗ ਚੈਕਿੰਗ ਗਤੀਵਿਧੀਆਂ ਵੱਲ ਧਿਆਨ ਦਿੱਤਾ ਜਾਵੇ। ਮੀਟਿੰਗ ਵਿੱਚ ਕਿਹਾ ਗਿਆ ਕਿ ਸਕੂਲਾਂ, ਕਾਲਜਾਂ ਅਤੇ ਹੋਰ ਪਬਲਿਕ ਥਾਵਾਂ ਤੇ ਤੰਬਾਕੂ ਵਿਰੋਧੀ ਜਾਗਰੂਕਤਾ ਕੈਂਪ ਲਗਾਏ ਜਾਣ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰਾਂ ਵਿੱਚ ਪਏ ਕੂਲਰ, ਗਮਲਿਆਂ, ਟੁੱਟੇ-ਭੱਜੇ ਬਰਤਨਾਂ, ਘਰਾਂ-ਦਫਤਰਾਂ ਦੀਆਂ ਛੱਤਾਂ 'ਤੇ ਰੱਖੇ ਟਾਇਰਾਂ ਆਦਿ ਥਾਵਾਂ ਉੱਤੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਪੰਛੀਆਂ ਦੇ ਪਾਣੀ ਪੀਣ ਲਈ ਰੱਖੇ ਬਰਤਨਾਂ ਵਿਚਲਾ ਪਾਣੀ ਵੀ ਜ਼ਰੂਰ ਬਦਲਦੇ ਰਹਿਣਾ ਚਾਹੀਦਾ ਹੈ। ਮੱਛਰਾਂ ਤੋਂ ਬਚਾਅ ਲਈ ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢੱਕਿਆ ਰਹੇ, ਸੋਣ ਵੇਲੇ ਮੱਛਰਦਾਨੀ ਦਾ ਇਸਤੇਮਾਲ ਕੀਤਾ ਜਾਵੇ।
ਮੀਟਿੰਗ ਦੌਰਾਨ ਤੰਬਾਕੂ ਨੋਸ਼ੀ ਪ੍ਰੋਗਰਾਮ, 100 ਦਿਨੀਂ ਟੀ.ਬੀ ਮੁਕਤ ਭਾਰਤ ਕੈਂਪੇਨ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਆਦਿ ਪ੍ਰੋਗਰਾਮਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਜ਼ਿਲ੍ਹੇ ਵਿੱਚ ਕੋਟਪਾ ਐਕਟ ਦੀ ਕੜੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕਰਨ ਲਈ ਨਿਰਦੇਸ਼ਿਤ ਕੀਤਾ ਅਤੇ ਐਕਟ ਦੀ ਉਲਘੰਣਾ ਕਰਨ ਵਾਲੇ ਦੇ ਚਾਲਾਨ ਕੱਟਣ ਬਾਰੇ ਨਿਰਦੇਸ਼ ਦਿਤੇ ਗਏ। ਇਸ ਮੌਕੇ ਡਾ. ਸੁਨੀਤਾ ਕੰਬੋਜ ਨੇ ਕਿਹਾ ਕਿ ਮਾਨਿਟਰਨਿੰਗ ਰਿਪੋਰਟਾਂ ਨੂੰ ਸਮੇਂ-ਸਿਰ ਅਪਲੋਡ ਕੀਤਾ ਜਾਵੇ ਤੇ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ