ਮਰੀਜ਼ਾਂ ਲਈ ਉਮੀਦ ਦੀ ਕਿਰਨ ਬਣੇ ਐਮ.ਡੀ ਮੈਡੀਸਿਨ ਡਾ. ਸੁਬੀਨ ਇੰਦਰ ਕੌਰ
ਗੈਰ ਸੰਤੁਲਿਤ ਭੋਜਨ ਅਤੇ ਸਰੀਰਕ ਗਤੀਵਿਧੀਆਂ ਵਿੱਚ ਕਮੀ ਬਿਮਾਰੀਆਂ ਦਾ ਮੁੱਖ ਕਾਰਨ : ਡਾ. ਸੁਬੀਨ ਇੰਦਰ ਕੌਰ
ਐਮ.ਡੀ ਮੈਡੀਸਿਨ ਡਾ. ਸੁਬੀਨ ਇੰਦਰ ਕੌਰ


ਫਾਜ਼ਿਲਕਾ, 06 ਅਪ੍ਰੈਲ (ਹਿੰ.ਸ.)। ਸਿਵਿਲ ਹਸਪਤਾਲ ਅਬੋਹਰ ਵਿਖੇ ਪਿਛਲੇ ਲਗਭਗ ਤਿੰਨ ਮਹੀਨਿਆਂ ਤੋਂ ਆਪਣੀ ਸੇਵਾਵਾਂ ਦੇ ਰਹੇ ਐਮ.ਡੀ ਮੈਡੀਸਿਨ ਡਾ. ਸੁਬੀਨ ਇੰਦਰ ਕੌਰ ਇੱਥੇ ਆਉਣ ਵਾਲੇ ਮਰੀਜਾਂ ਲਈ ਇੱਕ ਉਮੀਦ ਦੀ ਕਿਰਨ ਬਣ ਕੇ ਆਏ ਹਨ, ਕਿਉਂਕਿ ਸਿਵਿਲ ਹਸਪਤਾਲ ਵਿਖੇ ਵਧੇਰੇ ਮਰੀਜ਼ਾਂ ਦੀ ਗਿਣਤੀ ਸ਼ੂਗਰ, ਬੀਪੀ, ਸਾਹ ਦੀ ਬਿਮਾਰੀ, ਦਿਲ ਦੇ ਰੋਗਾਂ ਨਾਲ ਸਬੰਧਿਤ ਅਤੇ ਹੋਰ ਕ੍ਰੋਨਿਕ ਬਿਮਾਰੀਆਂ ਆਦਿ ਮਰੀਜ਼ਾਂ ਦੀ ਹੈ। ਜ਼ਿਕਰਯੋਗ ਹੈ ਕਿ ਡਾ. ਸੁਬੀਨ ਇੰਦਰ ਕੌਰ ਬਤੌਰ ਮੈਡੀਕਲ ਅਫਸਰ ਸਿਵਿਲ ਹਸਪਤਾਲ ਅਬੋਹਰ ਵਿਖੇ ਆਰਜੀ ਤੌਰ ’ਤੇ ਆਪਣੀ ਸੇਵਾਵਾਂ ਦੇ ਚੁੱਕੇ ਹਨ ਅਤੇ ਔਰਤਾਂ ਦੇ ਐਂਟੀ ਨੇਟਲ ਕੇਅਰ ਵਿਚ ਆਪਣੀ ਭੂਮਿਕਾ ਨਿਭਾਅ ਚੁੱਕੇ ਹਨ।

ਡਾਕਟਰ ਸੁਬੀਨ ਇੰਦਰ ਕੌਰ ਵੱਲੋਂ ਮਰੀਜ਼ਾਂ ਨੂੰ ਮਿਲ ਰਹੀ ਬਿਹਤਰ ਸੇਵਾਵਾਂ ਦਾ ਅੰਦਾਜਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਸਿਵਲ ਹਸਪਤਾਲ ਵਿਖੇ ਆਉਣ ਵਾਲੇ ਲਗਭਗ 40 ਹਜ਼ਾਰ ਮਰੀਜ਼ਾਂ ਵਿਚੋਂ ਮੈਡੀਸਿਨ ਵਿਭਾਗ ਵੱਲੋਂ ਲਗਭਗ ਇੱਕ ਚੌਥਾਈ ਮਰੀਜ਼ਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਹਨ। ਡਾ. ਸੁਬੀਨ ਨੇ ਦੱਸਿਆ ਕਿ ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਨਿਰਦੇਸ਼ਾਂ ਅਤੇ ਐਸ.ਐਮ.ਓ ਡਾ. ਸੁਰੇਸ਼ ਕੰਬੋਜ਼ ਦੀ ਯੋਗ ਅਗਵਾਈ ਹੇਠ ਹੀ ਉਹ ਆਪਣੀ ਡਿਊਟੀ ਤਨਦੇਹੀ ਨਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੀ ਬਿਮਾਰੀਆਂ, ਥਾਇਰਾਇਡ, ਕਿਡਨੀ, ਲੀਵਰ ਨਾਲ ਸੰਬੰਧਿਤ ਬਿਮਾਰੀਆਂ ਜਿਵੇਂ ਕਿ ਕਾਲਾ ਪੀਲੀਆ ਅਤੇ ਸੀਓਪੀਡੀ ਨਾਲ ਸਬੰਧਿਤ ਬਿਮਾਰੀਆਂ ਦੇ ਮਰੀਜ਼ ਜਿਆਦਾ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਟੀਬੀ ਅਤੇ ਛਾਤੀ ਦੇ ਰੋਗਾਂ ਦੇ ਮਰੀਜ਼ ਵੀ ਇਨ੍ਹਾਂ ਦਿਨਾਂ ਵਿੱਚ ਵੇਖੇ ਹਨ। ਇਨ੍ਹਾਂ ਵਿੱਚ ਜਿਆਦਾਤਰ ਮਰੀਜ਼ 40 ਸਾਲ ਤੋਂ ਵੱਧ ਉਮਰ ਦੇ ਹਨ, ਜਿਨ੍ਹਾਂ ਵਿੱਚ ਪੁਰਸ਼ਾਂ ਦੀ ਗਿਣਤੀ ਮਹਿਲਾਵਾਂ ਨਾਲੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਹੁਣ ਵੀ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਨਜ਼ਰ ਆਉਂਦੀ ਹੈ ਕਿਉਂਕਿ ਉਨ੍ਹਾਂ ਕੋਲ ਆਉਣ ਵਾਲੇ ਮਰੀਜ਼ਾਂ ਨੂੰ ਸਹੀ ਬਿਮਾਰੀ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ ਅਤੇ ਉਹ ਪਹਿਲਾਂ ਤੋਂ ਹੀ ਬਿਨਾਂ ਮਾਹਿਰ ਡਾਕਟਰ ਦੀ ਸਲਾਹ ਤੋਂ ਦਵਾਈਆਂ ਲੈ ਕੇ ਆਪਣੀ ਤਕਲੀਫ ਦੂਰ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੁੰਦੇ ਹਨ, ਜੋ ਕਿ ਬਹੁਤ ਗਲਤ ਹੈ।

ਡਾਕਟਰ ਸੁਬੀਨ ਨੇ ਦੱਸਿਆ ਕਿ ਇਹਨਾਂ ਬਿਮਾਰੀਆਂ ਦਾ ਮੁੱਖ ਕਾਰਨ ਸਾਡੀ ਰੋਜਾਨਾ ਦੀ ਗਤੀਵਿਧੀਆਂ ਵਿਚ ਆ ਰਹੀ ਤਬਦੀਲੀ, ਜੰਕ ਫੂਡ ਦੀ ਵਧੇਰੇ ਵਰਤੋਂ ਅਤੇ ਨਾਲ ਹੀ ਮੈਦਾ ਅਤੇ ਬਾਜ਼ਾਰ ਵਿੱਚ ਮਿਲਣ ਵਾਲੇ ਹੋਰ ਗੈਰ ਸੰਤੁਲਿਤ ਭੋਜਨ ਨੂੰ ਤਰਜੀਹ ਦੇਣਾ ਹੈ, ਜਿਸ ਕਾਰਨ ਲੋਕ ਇਹਨਾਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੋਸ਼ਟਿਕ ਖੁਰਾਕ ਦੇ ਨਾਲ ਹੀ ਸ਼ਰੀਰਿਕ ਗਤੀਵਿਧੀਆਂ, ਕਸਰਤ, ਯੋਗਾ, ਸੈਰ ਕਰਨਾ, ਸਾਈਕਲ ਚਲਾਉਣਾ ਅਤੇ ਕੋਈ ਵੀ ਆਊਟਡੋਰ ਖੇਡ ਖੇਡਣਾ ਜਾਰੀ ਰੱਖਿਆ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਮਾਰੀਆਂ ਦੇ ਲੱਛਣਾਂ ਤੋਂ ਜਾਨੂ ਹੋਣ ਅਤੇ ਕਿਸੇ ਵੀ ਬਿਮਾਰੀ ਦੇ ਲੱਛਣ ਨਜ਼ਰ ਆਉਂਦੇ ਹੀ ਤੁਰੰਤ ਮਾਹਿਰ ਡਾਕਟਰ ਤੋਂ ਹੀ ਸਲਾਹ ਲੈ ਕੇ ਉਸਦਾ ਇਲਾਜ ਸ਼ੁਰੂ ਕਰਨ, ਤਾਂ ਜੋ ਸਮੇਂ ਰਹਿੰਦੇ ਹੀ ਪ੍ਰਭਾਵੀ ਇਲਾਜ ਉਪਲਬਧ ਕਰਵਾਇਆ ਜਾ ਸਕੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande