ਫਾਜ਼ਿਲਕਾ ‘ਚ ਗੜੇਮਾਰੀ ਨੇ ਕਣਕ ਦੀ ਫ਼ਸਲ ਕੀਤੀ ਤਬਾਹ, ਕਿਸਾਨਾਂ ਨੇ ਲਗਾਈ ਸਰਕਾਰ ਨੂੰ ਗੁਹਾਰ
ਬਨਵਾਲਾ ਹਨੂਵੰਤਾ ਪਿੰਡ ਵਿੱਚ 500 ਏਕੜ ਫ਼ਸਲ ਪ੍ਰਭਾਵਿਤ, ਕਟਾਈ ਦਾ ਖ਼ਰਚ ਵਧਣ ਨਾਲ ਕਿਸਾਨ ਹੋਏ ਪਰੇਸ਼ਾਨ
ਵਿਛੀ ਫਸਲ ਦਿਖਾਉਂਦੇ ਹੋਏ ਕਿਸਾਨ।


ਚੰਡੀਗੜ੍ਹ, 06 ਅਪ੍ਰੈਲ (ਹਿੰ.ਸ.)| ਫਾਜ਼ਿਲਕਾ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਹੋਈ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਕਣਕ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਖ਼ਾਸ ਕਰਕੇ ਪਿੰਡ ਬਨਵਾਲਾ ਹਨੂਵੰਤਾ ਵਿੱਚ ਹਾਲਾਤ ਕਾਫ਼ੀ ਗੰਭੀਰ ਬਣ ਗਏ ਹਨ, ਜਿੱਥੇ ਕਰੀਬ 500 ਏਕੜ ਵਿੱਚ ਖੜ੍ਹੀ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਕਿਸਾਨਾਂ ਦੇ ਅਨੁਸਾਰ ਗੜੇਮਾਰੀ ਕਾਰਨ ਫ਼ਸਲ ਜ਼ਮੀਨ ‘ਤੇ ਵਿਛ ਗਈ ਹੈ, ਜਿਸ ਨਾਲ ਨਾ ਸਿਰਫ਼ ਪੈਦਾਵਾਰ ਘੱਟ ਹੋਵੇਗੀ, ਸਗੋਂ ਕਣਕ ਦਾ ਦਾਣਾ ਵੀ ਖ਼ਰਾਬ ਹੋ ਗਿਆ ਹੈ।

ਕਿਸਾਨ ਜਸ਼ਨ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਸ ਤਬਾਹੀ ਨਾਲ ਉਨ੍ਹਾਂ ਦੀ ਸਾਰੀ ਮਿਹਨਤ ਮਿਟੀ ‘ਚ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇੱਕ ਏਕੜ ਵਿੱਚੋਂ ਲਗਭਗ 70 ਮਣ ਕਣਕ ਦੀ ਉਮੀਦ ਹੁੰਦੀ ਸੀ, ਪਰ ਹੁਣ ਹਾਲਾਤ ਇਹ ਹਨ ਕਿ 10 ਮਣ ਵੀ ਨਹੀਂ ਨਿਕਲੇਗੀ। ਇਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਝਟਕਾ ਲੱਗਿਆ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲ ਦੇ ਜ਼ਮੀਨ ‘ਤੇ ਵਿਛ ਜਾਣ ਕਾਰਨ ਕਟਾਈ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਮਸ਼ੀਨਾਂ ਨਾਲ ਕਟਾਈ ਕਰਵਾਉਣ ਲਈ ਹੁਣ ਦੁੱਗਣਾ ਖ਼ਰਚ ਕਰਨਾ ਪਵੇਗਾ, ਜਿਸ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਇਸ ਤੋਂ ਇਲਾਵਾ ਕਣਕ ਤੋਂ ਤੂੜੀ ਵੀ ਨਹੀਂ ਬਣੇਗੀ, ਜਿਸ ਨਾਲ ਪਸ਼ੂਆਂ ਲਈ ਚਾਰੇ ਦੀ ਵੀ ਕਮੀ ਪੈ ਸਕਦੀ ਹੈ।

ਕਈ ਕਿਸਾਨਾਂ ਨੇ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕੀਤੀ ਹੋਈ ਹੈ ਅਤੇ ਉਹ ਪਹਿਲਾਂ ਹੀ 70 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕਾ ਅਦਾ ਕਰ ਚੁੱਕੇ ਹਨ। ਹੁਣ ਫ਼ਸਲ ਦੇ ਨੁਕਸਾਨ ਨਾਲ ਉਹ ਕਰਜ਼ੇ ਦੇ ਬੋਝ ਹੇਠ ਆ ਗਏ ਹਨ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਵਾਰੀ ਫ਼ਸਲ ਚੰਗੀ ਹੋਵੇਗੀ ਅਤੇ ਘਰ ਦਾ ਗੁਜ਼ਾਰਾ ਆਸਾਨੀ ਨਾਲ ਹੋ ਜਾਵੇਗਾ, ਪਰ ਕੁਦਰਤ ਦੀ ਮਾਰ ਨੇ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ।

ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ, ਤਾਂ ਜੋ ਉਹ ਆਪਣੇ ਨੁਕਸਾਨ ਦੀ ਭਰਪਾਈ ਕਰ ਸਕਣ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਜਲਦ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਅੰਕਲਨ ਕਰਨ ਦੀ ਅਪੀਲ ਕੀਤੀ ਹੈ, ਤਾਂ ਕਿ ਰਾਹਤ ਮਿਲ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande