
ਚੰਡੀਗੜ੍ਹ, 06 ਅਪ੍ਰੈਲ (ਹਿੰ.ਸ.)| ਚੰਡੀਗੜ੍ਹ ਵਿੱਚ ਆਨਲਾਈਨ ਟ੍ਰੇਡਿੰਗ ਦੇ ਨਾਂ ‘ਤੇ ਵੱਡੀ ਸਾਇਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੀਜੀਆਈ ਦੇ ਇੱਕ ਡਾਕਟਰ ਨੂੰ ਠੱਗਾਂ ਨੇ ਆਪਣੇ ਜਾਲ ਵਿੱਚ ਫਸਾ ਕੇ 1.10 ਕਰੋੜ ਰੁਪਏ ਦੀ ਠੱਗੀ ਕਰ ਲਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੈਕਟਰ-17 ਸਥਿਤ ਸਾਇਬਰ ਕਰਾਈਮ ਪੁਲਿਸ ਥਾਣਾ ਨੇ ਐਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਡਾ. ਰਾਕੇਸ਼ ਪ੍ਰਭੁਗੌੜ ਪਾਟਿਲ, ਨਿਵਾਸੀ ਸੈਕਟਰ-38, ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਦਸੰਬਰ 2025 ਵਿੱਚ ਇੰਟਰਨੈੱਟ ਰਾਹੀਂ ਸ਼ੇਅਰ ਮਾਰਕੀਟ ਬਾਰੇ ਜਾਣਕਾਰੀ ਲੈਣੀ ਸ਼ੁਰੂ ਕੀਤੀ ਸੀ। ਇਸ ਦੌਰਾਨ ਜਨਵਰੀ 2026 ਵਿੱਚ ਉਨ੍ਹਾਂ ਨੂੰ ਇੱਕ ਵਟਸਐਪ ਗਰੁੱਪ ਵਿੱਚ ਜੋੜਿਆ ਗਿਆ, ਜਿੱਥੇ ਗਰੁੱਪ ਦੇ ਐਡਮਿਨ ਅਤੇ ਹੋਰ ਮੈਂਬਰਾਂ ਨੇ ਉਨ੍ਹਾਂ ਨੂੰ ਨਿਵੇਸ਼ ਲਈ ਪ੍ਰੇਰਿਤ ਕੀਤਾ।
ਠੱਗਾਂ ਨੇ ਵੱਡੇ ਮੁਨਾਫੇ ਦਾ ਲਾਲਚ ਦੇ ਕੇ ਡਾਕਟਰ ਤੋਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕਰਵਾਏ। ਡਾਕਟਰ ਨੇ ਲਗਭਗ 25 ਟ੍ਰਾਂਜ਼ੈਕਸ਼ਨਾਂ ਰਾਹੀਂ ਕੁੱਲ 1.10 ਕਰੋੜ ਰੁਪਏ ਨਿਵੇਸ਼ ਕਰ ਦਿੱਤੇ। ਸ਼ੁਰੂ ਵਿੱਚ ਐਪ ‘ਤੇ ਮੂਨਾਫਾ ਦਿਖਾਇਆ ਗਿਆ, ਜਿਸ ਨਾਲ ਉਨ੍ਹਾਂ ਦਾ ਭਰੋਸਾ ਵਧ ਗਿਆ। ਜਦੋਂ ਡਾਕਟਰ ਨੇ ਆਪਣੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ, ਤਾਂ ਠੱਗਾਂ ਨੇ ਵੱਖ-ਵੱਖ ਬਹਾਨਿਆਂ ਨਾਲ ਹੋਰ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਠੱਗਾਂ ਨੇ ਆਪਣੇ ਆਪ ਨੂੰ ਆਰਬੀਆਈ ਅਤੇ ਈਡੀ ਦਾ ਅਧਿਕਾਰੀ ਦੱਸਦੇ ਹੋਏ “ਸੁਰੱਖਿਆ ਪ੍ਰਕਿਰਿਆ” ਦੇ ਨਾਂ ‘ਤੇ 10 ਲੱਖ ਰੁਪਏ ਹੋਰ ਮੰਗੇ। ਇਸ ‘ਤੇ ਡਾਕਟਰ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਗਰੁੱਪ ਦੇ ਹੋਰ ਮੈਂਬਰਾਂ ਨਾਲ ਸੰਪਰਕ ਕੀਤਾ। ਜਦੋਂ ਡਾਕਟਰ ਨੇ ਹੋਰ ਮੈਂਬਰਾਂ ਨਾਲ ਗੱਲ ਕੀਤੀ, ਤਾਂ ਪਤਾ ਲੱਗਾ ਕਿ ਉਹ ਸਾਇਬਰ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ। ਸੈਕਟਰ-17 ਸਾਇਬਰ ਕਰਾਈਮ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੇ ਬੈਂਕ ਖਾਤਿਆਂ ਅਤੇ ਲੈਣ-ਦੇਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਠੱਗਾਂ ਤੱਕ ਪਹੁੰਚਿਆ ਜਾ ਸਕੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH