
ਬਰਨਾਲਾ, 06 ਅਪ੍ਰੈਲ (ਹਿੰ.ਸ.)| ਬਰਨਾਲਾ ਜ਼ਿਲ੍ਹੇ ਵਿੱਚ ਟੱਲੇਵਾਲ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਵੱਡੀ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਚੋਰੀਆਂ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਇਹ ਗ੍ਰਿਫਤਾਰੀ ਨਾਕਾਬੰਦੀ ਦੌਰਾਨ ਕੀਤੀ ਗਈ। ਏਐਸਆਈ ਜਸਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਪੁਲਿਸ ਸਬ ਡਿਵੀਜ਼ਨ ਮਹਲਕਲਾਂ ਦੇ ਡੀਐਸਪੀ ਜਸਪਾਲ ਸਿੰਘ ਧਾਲੀਵਾਲ ਦੀ ਰਹਿਨੁਮਾਈ ਅਤੇ ਟੱਲੇਵਾਲ ਥਾਣੇ ਦੀ ਮੁਖੀ ਇੰਸਪੈਕਟਰ ਕਿਰਨਜੀਤ ਕੌਰ ਦੀ ਅਗਵਾਈ ਹੇਠ ਕੀਤੀ ਗਈ।
ਨਹਿਰ ਪੁਲ ‘ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਪੁਲਿਸ ਨੇ ਬਿਨਾਂ ਨੰਬਰ ਦੀ ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ ਸਮੇਤ ਰਾਹੁਲ ਕੁਮਾਰ ਉਰਫ ਕਾਲੂ (ਨਿਵਾਸੀ ਧਨੌਲਾ) ਅਤੇ ਹਰਪ੍ਰੀਤ ਸਿੰਘ ਉਰਫ ਭੂੰਡੀ (ਨਿਵਾਸੀ ਬਰਣਾਲਾ) ਨੂੰ ਕਾਬੂ ਕੀਤਾ। ਪੁੱਛਗਿੱਛ ਦੌਰਾਨ ਦੋਵੇਂ ਆਰੋਪੀਆਂ ਨੇ ਮੰਨਿਆ ਕਿ ਉਹ ਚੋਰੀ ਦੇ ਮੋਟਰਸਾਈਕ ਵੇਚਦੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ।
5 ਅਪ੍ਰੈਲ ਨੂੰ ਮੁਲਜ਼ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਹੋਰ ਦੋ ਚੋਰੀ ਦੇ ਮੋਟਰਸਾਈਕਲਾਂ ਨੂੰ ਬਰਾਮਦ ਕੀਤਾ ਗਿਆ, ਜਿਨ੍ਹਾਂ ਵਿੱਚ ਇੱਕ ਹੀਰੋ ਹੋਂਡਾ ਸਪਲੈਂਡਰ ਅਤੇ ਇੱਕ ਸੀਡੀ ਡੀਲਕਸ ਸ਼ਾਮਲ ਹਨ।ਗ੍ਰਿਫਤਾਰ ਕੀਤੇ ਦੋਵੇਂ ਆਰੋਪੀਆਂ ਨੂੰ ਬਾਅਦ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH