
ਚੰਡੀਗੜ੍ਹ, 06 ਅਪ੍ਰੈਲ (ਹਿੰ.ਸ.)|
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਤਵਾਰ ਦੇਰ ਸ਼ਾਮ ਅੰਮ੍ਰਿਤਸਰ ਵਿੱਚ ਚੱਲ ਰਹੇ ਇਤਿਹਾਸਕ ਰਿਗੋ ਪੁੱਲ ਦੇ ਮੁੜ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਇਸ ਸਬੰਧੀ ਉਨ੍ਹਾਂ ਨੇ ਆਪਣੇ ਐਕਸ ਹੈਂਡਲ ‘ਤੇ ਵੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ “ਅਸੀਂ ਸਿਰਫ਼ ਕੰਕਰੀਟ ਨਹੀਂ ਪਾ ਰਹੇ, ਸਗੋਂ ਪਵਿੱਤਰ ਸ਼ਹਿਰ ਦੀ ਵਿਕਾਸ ਯਾਤਰਾ ਨੂੰ ਤੇਜ਼ ਕਰ ਰਹੇ ਹਾਂ।
ਉਨ੍ਹਾਂ ਦੱਸਿਆ ਕਿ ਲਗਭਗ 48 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀ ਇਹ ਪ੍ਰੋਜੈਕਟ ਅੰਮ੍ਰਿਤਸਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਰਿਗੋ ਪੁੱਲ, ਜੋ ਸਾਲਾਂ ਤੋਂ ਸ਼ਹਿਰ ਦੀ ਪਹਿਚਾਣ ਅਤੇ ਆਵਾਜਾਈ ਦਾ ਅਹਿਮ ਹਿੱਸਾ ਰਿਹਾ ਹੈ, ਹੁਣ ਆਧੁਨਿਕ ਤਕਨੀਕ ਨਾਲ ਨਵੇਂ ਰੂਪ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਪੁੱਲ ਲਗਭਗ ਇੱਕ ਸਦੀ ਪੁਰਾਣਾ ਸੀ ਅਤੇ ਵਧਦੇ ਟ੍ਰੈਫਿਕ ਦਬਾਅ ਕਾਰਨ ਰੁਕਾਵਟ ਬਣਦਾ ਜਾ ਰਿਹਾ ਸੀ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਇਸ ਦਾ ਮੁੜ ਨਿਰਮਾਣ ਬਿਹਤਰ ਡਿਜ਼ਾਈਨ ਅਤੇ ਅਧੁਨਿਕ ਤਕਨੀਕ ਨਾਲ ਕੀਤਾ ਜਾ ਰਿਹਾ ਹੈ, ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਆਵਾਜਾਈ ਵਿੱਚ ਸੁਵਿਧਾ ਮਿਲ ਸਕੇ। ਦੌਰੇ ਦੌਰਾਨ ਬਿੱਟੂ ਨੇ ਅਧਿਕਾਰੀਆਂ ਤੋਂ ਨਿਰਮਾਣ ਕਾਰਜ ਦੀ ਪ੍ਰਗਤੀ ਅਤੇ ਗੁਣਵੱਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ। ਉਨ੍ਹਾਂ ਸਪੱਸ਼ਟ ਨਿਰਦੇਸ਼ ਦਿੱਤੇ ਕਿ ਪ੍ਰੋਜੈਕਟ ਨੂੰ ਨਿਰਧਾਰਿਤ ਸਮੇਂ ਅੰਦਰ ਪੂਰਾ ਕੀਤਾ ਜਾਵੇ ਅਤੇ ਕੰਮ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ।
ਉਨ੍ਹਾਂ ਆਪਣੇ ਐਕਸ ਹੈਂਡਲ ‘ਤੇ ਇਹ ਵੀ ਲਿਖਿਆ ਕਿ ਇਹ ਪ੍ਰੋਜੈਕਟ ਸਿਰਫ ਇੱਕ ਪੁੱਲ ਨਹੀਂ, ਸਗੋਂ ਅੰਮ੍ਰਿਤਸਰ ਦੇ ਸ਼ਾਨਦਾਰ ਇਤਿਹਾਸ ਅਤੇ ਉਜਲੇ ਭਵਿੱਖ ਵਿਚਕਾਰ ਇੱਕ ਮਜ਼ਬੂਤ ਕੜੀ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਸ਼ਹਿਰ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਘੱਟ ਹੋਵੇਗੀ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH