
ਸੁਨਾਮ ਉਧਮ ਸਿੰਘ ਵਾਲਾ/ਲੌਂਗੋਵਾਲ, 06 ਅਪ੍ਰੈਲ (ਹਿੰ.ਸ.)। ਸੁਨਾਮ ਵਿਧਾਨ ਸਭਾ ਹਲਕੇ ਲਈ ਮਾਣ ਦੀ ਗੱਲ ਉਸ ਵੇਲੇ ਬਣੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇੰਜੀਨੀਅਰ ਵਿਨਰਜੀਤ ਸਿੰਘ ਖਡਿਆਲ ਨੂੰ ਸੰਤ ਲੋਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ “ਨੌਜਵਾਨ ਪ੍ਰਤੀਕ ਸਨਮਾਨ” ਨਾਲ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਉਨ੍ਹਾਂ ਦੀ ਲੰਬੇ ਸਮੇਂ ਤੋਂ ਸੰਸਥਾ ਨਾਲ ਜੁੜੇ ਰਹਿਣ ਅਤੇ ਸਮਾਜ ਵਿੱਚ ਕੀਤੀਆਂ ਉਪਲਬਧੀਆਂ ਨੂੰ ਦੇਖਦੇ ਹੋਏ ਦਿੱਤਾ ਗਿਆ। ਜਾਣਕਾਰੀ ਮੁਤਾਬਕ ਵਿਨਰਜੀਤ ਸਿੰਘ ਖਡਿਆਲ ਨੇ 1993 ਤੋਂ 2000 ਤੱਕ ਸਲੀਅਟ ਵਿੱਚ ਵਿਦਿਆਰਥੀ ਵਜੋਂ ਆਪਣੇ ਜੀਵਨ ਦੇ ਸੱਤ ਅਹਿਮ ਸਾਲ ਬਿਤਾਏ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੀ ਉਹ ਇਸ ਧਰਤੀ ਨਾਲ ਜੁੜੇ ਰਹੇ ਅਤੇ ਹਰ ਸਮੇਂ ਸੰਸਥਾ ਦੇ ਨਾਲ ਖੜੇ ਰਹੇ।
ਇਸ ਮੌਕੇ ਇੰਸਟੀਚਿਊਟ ਦੇ ਡਾਇਰੈਕਟਰ ਮਨੀਕਾਂਤ ਪਾਸਵਾਨ, ਡੀਨ ਸਾਹਿਬਾਨ, ਐਸ.ਐਸ.ਏ ਅਤੇ ਸਮੂਹ ਵਿਦਿਆਰਥੀਆਂ ਵੱਲੋਂ ਉਨ੍ਹਾਂ ਨੂੰ ਇਹ ਮਾਣ-ਸਨਮਾਨ ਭੇਟ ਕੀਤਾ ਗਿਆ। ਸੰਸਥਾ ਵੱਲੋਂ ਕਿਹਾ ਗਿਆ ਕਿ ਖਡਿਆਲ ਦੀਆਂ ਪ੍ਰਾਪਤੀਆਂ, ਸਮਾਜਕ ਸੇਵਾ ਅਤੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਭੂਮਿਕਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਸ ਸਨਮਾਨ ਲਈ ਚੁਣਿਆ ਗਿਆ ਹੈ।
ਇਸ ਮੌਕੇ ਵਿਨਰਜੀਤ ਸਿੰਘ ਖਡਿਆਲ ਨੇ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਵੱਡਾ ਮਾਣ ਹੈ। ਉਨ੍ਹਾਂ ਨੇ ਇੰਸਟੀਚਿਊਟ ਦੇ ਪ੍ਰਬੰਧਕਾਂ, ਡਾਇਰੈਕਟਰ, ਡੀਨ ਸਾਹਿਬਾਨ ਅਤੇ ਸਮੂਹ ਵਿਦਿਆਰਥੀਆਂ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਯੋਗ ਸਮਝਿਆ।
ਉਨ੍ਹਾਂ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਵਧੀਆ ਤਰੀਕੇ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗਾ। ਨਾਲ ਹੀ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਨੌਜਵਾਨਾਂ ਅਤੇ ਹਰ ਵਰਗ ਦੀ ਭਲਾਈ ਲਈ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ। ਇਹ ਸਨਮਾਨ ਨਾ ਸਿਰਫ ਸ.ਵਿਨਰਜੀਤ ਸਿੰਘ ਖਡਿਆਲ ਲਈ, ਸਗੋਂ ਸੁਨਾਮ ਹਲਕੇ ਦੇ ਲੋਕਾਂ ਲਈ ਵੀ ਗੌਰਵ ਦੀ ਗੱਲ ਹੈ, ਜਿਸ ਨਾਲ ਇਲਾਕੇ ਦਾ ਨਾਮ ਰੋਸ਼ਨ ਹੋਇਆ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ