ਲੁਧਿਆਣਾ ਵਿੱਚ ਕਾਸੋ ਆਪਰੇਸ਼ਨ ਤਹਿਤ 19 ਨਸ਼ਾ ਤਸਕਰ ਗ੍ਰਿਫ਼ਤਾਰ
ਲੁਧਿਆਣਾ, 07 ਅਪ੍ਰੈਲ (ਹਿੰ.ਸ.)| ਨਸ਼ਾ ਮੁਕਤ ਪੰਜਾਬ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਿਸ ਵੱਲੋਂ ਅੱਜ ਸਵੇਰੇ ਭਾਰੀ ਪੁਲਿਸ ਬਲ ਦੇ ਨਾਲ ਵੱਡਾ ਕਾਸੋ (ਕੋਰਡਨ ਐਂਡ ਸਰਚ ਆਪਰੇਸ਼ਨ) ਚਲਾਇਆ ਗਿਆ। ਇਸ ਦੌਰਾਨ ਦੁੱਗਰੀ ਇਲਾਕੇ ਦੀ ਸੀ.ਆਰ.ਪੀ. ਕਾਲੋਨੀ ਅਤੇ ਆਸ-ਪਾਸ ਦੇ ਸੰਵੇਦਨਸ਼ੀਲ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ
ਲੁਧਿਆਣਾ ਵਿੱਚ ਕਾਸੋ ਆਪਰੇਸ਼ਨ ਤਹਿਤ 19 ਨਸ਼ਾ ਤਸਕਰ ਗ੍ਰਿਫ਼ਤਾਰ


ਲੁਧਿਆਣਾ, 07 ਅਪ੍ਰੈਲ (ਹਿੰ.ਸ.)| ਨਸ਼ਾ ਮੁਕਤ ਪੰਜਾਬ ਮੁਹਿੰਮ ਦੇ ਤਹਿਤ ਲੁਧਿਆਣਾ ਪੁਲਿਸ ਵੱਲੋਂ ਅੱਜ ਸਵੇਰੇ ਭਾਰੀ ਪੁਲਿਸ ਬਲ ਦੇ ਨਾਲ ਵੱਡਾ ਕਾਸੋ (ਕੋਰਡਨ ਐਂਡ ਸਰਚ ਆਪਰੇਸ਼ਨ) ਚਲਾਇਆ ਗਿਆ। ਇਸ ਦੌਰਾਨ ਦੁੱਗਰੀ ਇਲਾਕੇ ਦੀ ਸੀ.ਆਰ.ਪੀ. ਕਾਲੋਨੀ ਅਤੇ ਆਸ-ਪਾਸ ਦੇ ਸੰਵੇਦਨਸ਼ੀਲ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਲੰਮੇ ਸਮੇਂ ਤੋਂ ਨਸ਼ਾ ਵੇਚਣ ਅਤੇ ਅਸਾਮਾਜਿਕ ਗਤੀਵਿਧੀਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।

ਪੁਲਿਸ ਕਮਿਸ਼ਨਰ ਸਵਾਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਪਿਛਲੇ ਕਾਫੀ ਸਮੇਂ ਤੋਂ ਜਵਾਹਰ ਨਗਰ, ਸੀ.ਆਰ.ਪੀ. ਕਾਲੋਨੀ ਅਤੇ ਭਾਈ ਹਿੰਮਤ ਸਿੰਘ ਨਗਰ ਇਲਾਕਿਆਂ ‘ਤੇ ਨਜ਼ਰ ਰੱਖ ਰਹੀ ਸੀ। ਅੱਜ ਯੋਜਨਾਬੱਧ ਢੰਗ ਨਾਲ ਤਿੰਨ ਮੁੱਖ ਹਾਟਸਪਾਟ ਇਲਾਕਿਆਂ ਵਿੱਚ ਇਕੱਠੇ ਛਾਪੇਮਾਰੀ ਕੀਤੀ ਗਈ। ਇਸ ਆਪਰੇਸ਼ਨ ਦੌਰਾਨ ਪੁਲਿਸ ਨੇ 19 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਵੱਖ-ਵੱਖ ਕਿਸਮ ਦੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਮੌਕੇ ‘ਤੇ ਮੌਜੂਦ ਸ਼ੱਕੀ ਵਿਅਕਤੀਆਂ ਦੇ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ। ਪੁਲਿਸ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਕਾਰੋਬਾਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੁਲਿਸ ਦਾ ਸਾਥ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿਓ। ਉਨ੍ਹਾਂ ਕਿਹਾ ਕਿ ਨਸ਼ੇ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਜਾਰੀ ਰਹੇਗੀ।

ਆਪਰੇਸ਼ਨ ਦੌਰਾਨ ਸੀ.ਆਰ.ਪੀ. ਕਾਲੋਨੀ ਦੇ ਸਾਰੇ ਐਂਟਰੀ ਅਤੇ ਏਗਜ਼ਿਟ ਪੁਆਇੰਟ ਸੀਲ ਕਰ ਦਿੱਤੇ ਗਏ, ਤਾਂ ਜੋ ਕੋਈ ਵੀ ਸ਼ੱਕੀ ਵਿਅਕਤੀ ਭੱਜ ਨਾ ਸਕੇ। ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਸੰਭਾਵਿਤ ਠਿਕਾਣਿਆਂ ਅਤੇ ਸ਼ੱਕੀ ਘਰਾਂ ਦੀ ਗਹਿਰਾਈ ਨਾਲ ਤਲਾਸ਼ੀ ਲਈ ਗਈ। ਇਸ ਵੱਡੀ ਕਾਰਵਾਈ ਨਾਲ ਇਲਾਕੇ ਵਿੱਚ ਨਸ਼ਾ ਤਸਕਰਾਂ ਵਿੱਚ ਹੜਕੰਪ ਮਚ ਗਿਆ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਪੁਲਿਸ ਦੀ ਇਸ ਸਖ਼ਤੀ ਨਾਲ ਨਸ਼ੇ ਦੇ ਕਾਰੋਬਾਰ ਨੂੰ ਵੱਡਾ ਝਟਕਾ ਲੱਗੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande