ਬਾਰ ਐਸੋਸੀਏਸ਼ਨਾਂ ਦੀਆਂ ਚੋਣਾਂ 15 ਮਈ ਨੂੰ, ਬਾਰ ਕੌਂਸਲ ਨੇ ਜਾਰੀ ਕੀਤਾ ਸ਼ਡਿਊਲ
ਚੰਡੀਗੜ੍ਹ, 07 ਅਪ੍ਰੈਲ (ਹਿੰ.ਸ.)| ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਦੀਆਂ ਸਲਾਨਾ ਚੋਣਾਂ 15 ਮਈ 2026 ਨੂੰ ਕਰਵਾਈਆਂ ਜਾਣਗੀਆਂ। ਇਸ ਸਬੰਧੀ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਵੱਲੋਂ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਬਾਰ ਕੌਂਸਲ
ਬਾਰ ਐਸੋਸੀਏਸ਼ਨਾਂ ਦੀਆਂ ਚੋਣਾਂ 15 ਮਈ ਨੂੰ, ਬਾਰ ਕੌਂਸਲ ਨੇ ਜਾਰੀ ਕੀਤਾ ਸ਼ਡਿਊਲ


ਚੰਡੀਗੜ੍ਹ, 07 ਅਪ੍ਰੈਲ (ਹਿੰ.ਸ.)| ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਦੀਆਂ ਸਲਾਨਾ ਚੋਣਾਂ 15 ਮਈ 2026 ਨੂੰ ਕਰਵਾਈਆਂ ਜਾਣਗੀਆਂ। ਇਸ ਸਬੰਧੀ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਵੱਲੋਂ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਬਾਰ ਕੌਂਸਲ ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ਬਾਰ ਐਸੋਸੀਏਸ਼ਨ (ਸੰਵਿਧਾਨ ਅਤੇ ਰਜਿਸਟ੍ਰੇਸ਼ਨ) ਨਿਯਮ, 2015 ਦੇ ਤਹਿਤ ਸਖ਼ਤੀ ਨਾਲ ਕਰਵਾਈਆਂ ਜਾਣਗੀਆਂ। ਜੇਕਰ ਕੋਈ ਐਸੋਸੀਏਸ਼ਨ ਨਿਰਧਾਰਤ ਕਾਰਜਕ੍ਰਮ ਦੀ ਉਲੰਘਣਾ ਕਰਦੀ ਹੈ ਤਾਂ ਉਸ ਦੀ ਚੋਣ ਪ੍ਰਕਿਰਿਆ ਆਪਣੇ ਆਪ ਅਵੈਧ ਮੰਨੀ ਜਾਵੇਗੀ।

ਨਿਰਧਾਰਤ ਪ੍ਰਕਿਰਿਆ ਅਨੁਸਾਰ ਵਕੀਲਾਂ ਲਈ 16 ਅਪ੍ਰੈਲ 2026 ਤੱਕ ਆਪਣਾ ਹਲਫਨਾਮਾ ਜਮ੍ਹਾਂ ਕਰਵਾਉਣਾ ਅਤੇ ਸਾਲਾਨਾ ਮੈਂਬਰਸ਼ਿਪ ਫੀਸ ਭਰਨੀ ਲਾਜ਼ਮੀ ਕੀਤੀ ਗਈ ਹੈ। ਇਸ ਤੋਂ ਬਾਅਦ ਵੋਟਰ ਸੂਚੀ ਤਿਆਰ ਕੀਤੀ ਜਾਵੇਗੀ ਅਤੇ 20 ਅਪ੍ਰੈਲ ਤੱਕ ਰਿਟਰਨਿੰਗ ਅਫ਼ਸਰ ਜਾਂ ਚੋਣ ਕਮੇਟੀ ਦੀ ਨਿਯੁਕਤੀ ਕਰਨੀ ਹੋਵੇਗੀ। ਵੋਟਰ ਸੂਚੀ ਉੱਤੇ ਇਤਰਾਜ਼ ਦਰਜ ਕਰਨ ਦੀ ਆਖਰੀ ਮਿਤੀ 2 ਮਈ ਸ਼ਾਮ 4 ਵਜੇ ਤੱਕ ਨਿਰਧਾਰਤ ਕੀਤੀ ਗਈ ਹੈ, ਜਦਕਿ ਇਨ੍ਹਾਂ ਇਤਰਾਜ਼ਾਂ ਦਾ ਨਿਪਟਾਰਾ 8 ਮਈ ਤੱਕ ਕੀਤਾ ਜਾਵੇਗਾ।

ਬਾਰ ਕੌਂਸਲ ਨੇ ਇਹ ਵੀ ਦੱਸਿਆ ਹੈ ਕਿ ਸਿਰਫ ਉਹੀ ਵਕੀਲ ਵੋਟ ਪਾਉਣ ਦੇ ਹੱਕਦਾਰ ਹੋਣਗੇ ਜੋ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਨਾਲ ਰਜਿਸਟਰਡ ਹਨ। ਹੋਰ ਸੂਬਿਆਂ ਵਿੱਚ ਰਜਿਸਟਰਡ ਵਕੀਲਾਂ ਨੂੰ ਪਹਿਲਾਂ ਆਪਣੀ ਰਜਿਸਟ੍ਰੇਸ਼ਨ ਤਬਦੀਲ ਕਰਵਾਉਣੀ ਪਵੇਗੀ। ਇਸ ਵਾਰ ‘ਇਕ ਵੋਟ-ਇਕ ਬਾਰ’ ਦੇ ਨਿਯਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।

ਸੁਪਰੀਮ ਕੋਰਟ ਦੇ ਹੁਕਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਬਾਰ ਐਸੋਸੀਏਸ਼ਨ ਵਿੱਚ ਘੱਟੋ-ਘੱਟ 30 ਫੀਸਦੀ ਮਹਿਲਾ ਨੁਮਾਇੰਦਗੀ ਯਕੀਨੀ ਬਣਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ। ਉਲੰਘਣਾ ਕਰਨ ਵਾਲੀਆਂ ਐਸੋਸੀਏਸ਼ਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖ ਬਣਾਉਣ ਲਈ ਵੱਡੇ ਸਮਾਗਮਾਂ, ਪਾਰਟੀਆਂ ਅਤੇ ਭੀੜ ਇਕੱਠੀ ਕਰਨ ਵਾਲੇ ਪ੍ਰਚਾਰ ’ਤੇ ਪਾਬੰਦੀ ਲਗਾਈ ਗਈ ਹੈ। ਸਿਰਫ ‘ਪੇਪਰਲੈੱਸ ਗ੍ਰੀਨ ਕੈਂਪੇਨ’ ਤਹਿਤ ਸੀਮਿਤ ਪ੍ਰਚਾਰ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਨਕਦ ਲੈਣ-ਦੇਣ ’ਤੇ ਵੀ ਪੂਰੀ ਤਰ੍ਹਾਂ ਰੋਕ ਰਹੇਗੀ ਅਤੇ ਸਾਰੇ ਭੁਗਤਾਨ ਡਿਜੀਟਲ ਢੰਗ ਨਾਲ ਕਰਨੇ ਹੋਣਗੇ। ਬਾਰ ਕੌਂਸਲ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਐਸੋਸੀਏਸ਼ਨ ਨਿਰਧਾਰਤ ਸਮੇਂ ਦੀ ਪਾਲਣਾ ਨਹੀਂ ਕਰਦੀ ਤਾਂ ਐਡਹਾਕ ਕਮੇਟੀ ਬਣਾਕੇ ਚੋਣ ਪ੍ਰਕਿਰਿਆ ਨੂੰ ਆਪਣੇ ਅਧੀਨ ਲਿਆ ਜਾਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande