
ਮੋਹਾਲੀ, 07 ਅਪ੍ਰੈਲ (ਹਿੰ.ਸ.)| ਪ੍ਰਾਇਮਰੀ ਹੈਲਥ ਸੈਂਟਰ, ਬੂਥਗੜ੍ਹ ਅਧੀਨ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦੱਸਿਆ ਕਿ ਡਾਕਟਰਾਂ, ਕਮਿਊਨਿਟੀ ਹੈਲਥ ਅਫ਼ਸਰਾਂ, ਸਿਹਤ ਕਾਮਿਆਂ ਤੇ ਹੋਰ ਸਟਾਫ਼ ਨੇ ਮਰੀਜ਼ਾਂ ਅਤੇ ਹੋਰ ਲੋਕਾਂ ਨੂੰ ਇਸ ਦਿਨ ਦੀ ਅਹਿਮੀਅਤ ਬਾਰੇ ਜਾਣੂੰ ਕਰਵਾਇਆ ਅਤੇ ਚੰਗੀ ਸਿਹਤ ਤੇ ਖ਼ੁਸ਼ਹਾਲੀ ਲਈ ਕਦਮ ਵਧਾਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਵਿਸ਼ਵ ਸਿਹਤ ਦਿਵਸ ਦਾ ਵਿਸ਼ਾ ਸਿਹਤ ਲਈ ਇੱਕਜੁੱਟ, ਵਿਗਿਆਨ ਨਾਲ ਖੜੋ, ਅਪੀਲ ਹੈ। ਬਹਿਲੋਲਪੁਰ ਡਿਸਪੈਂਸਰੀ ਵੱਲੋਂ ਸਿਹਤ ਦਿਵਸ ਨੂੰ ਮੁੱਖ ਰੱਖਦਿਆਂ ਹੋਇਆ ਸਟੈਪਿੰਗ ਸਟੋਨ ਸਕੂਲ ਬਹਿਲੋਲਪੁਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਾਈਕਲ ਰੈਲੀ ਕੱਢੀ ਗਈ। ਡਾ. ਕਿਰਨਦੀਪ ਕੌਰ, ਰੂਰਲ ਮੈਡੀਕਲ ਅਫਸਰ, ਬਹਿਲੋਲਪੁਰ ਨੇ ਬੱਚਿਆਂ ਨੂੰ ਕਿਹਾ ਕਿ ਚੰਗੀ ਸਿਹਤ ਲਈ ਪੌਸ਼ਟਿਕ ਆਹਾਰ, ਕਸਰਤ ਅਤੇ ਸਮੇਂ ਸਿਰ ਟੀਕਾਕਰਨ ਬਹੁਤ ਜਰੂਰੀ ਹੈ। ਐਚ.ਪੀ.ਵੀ (ਹਿਊਮਨ ਪਾਪਿਲੋਮਾਵਾਇਰਸ) ਵੈਕਸੀਨ ਕੁਝ ਕਿਸਮ ਦੇ ਮਨੁੱਖੀ ਵਾਇਰਸ ਦੇ ਲਾਗ ਨੂੰ ਰੋਕ ਸਕਦਾ ਹੈ। ਸਰਕਾਰੀ ਹਸਪਤਾਲਾਂ ਵਿੱਚ 14 ਸਾਲ ਦੀਆਂ ਬੱਚੀਆਂ ਨੂੰ ਇਹ ਮੁਫਤ ਲਗਾਈ ਜਾ ਰਹੀ ਹੈ। ਸਕੂਲ ਦੇ ਮੁੱਖ ਅਧਿਆਪਕ ਡਾ. ਫਾਲਗੁਨੀ ਤਿਵਾਰੀ, ਸਕੂਲੀ ਬੱਚੇ ਅਤੇ ਹੈਲਥ ਟੀਮ ਨੇ ਵਿਸ਼ਵ ਸਿਹਤ ਦਿਵਸ ਵਿੱਚ ਹਿੱਸਾ ਲਿਆ।
ਹਿੰਦੂਸਥਾਨ ਸਮਾਚਾਰ / GURSHARAN SINGH