
ਚੰਡੀਗੜ੍ਹ, 07 ਅਪ੍ਰੈਲ (ਹਿੰ.ਸ.)| ਸੂਬੇ ਵਿੱਚ ਬੀਤੀ ਰਾਤ ਇਕ ਮਹੱਤਵਪੂਰਨ ਰਾਜਨੀਤਿਕ ਵਿਕਾਸ ਦੇ ਤਹਿਤ, ਸਾਬਕਾ ਕ੍ਰਿਕੇਟਰ ਅਤੇ ਪੰਜਾਬ ਕਾਂਗਰਸ ਦੇ ਪੂਰਵ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂਨੇ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਐਕਸ (X) ਹੈਂਡਲ ਰਾਹੀਂ ‘ਭਾਰਤੀ ਰਾਸ਼ਟਰਵਾਦੀ ਪਾਰਟੀ’ ਦੇ ਗਠਨ ਦੀ ਜਾਣਕਾਰੀ ਸਾਂਝੀ ਕੀਤੀ।
ਡਾ. ਸਿੱਧੂ ਵੱਲੋਂ ਇਹ ਐਲਾਨ ਇਹ ਐਲਾਨ ਬਿਨਾਂ ਕਿਸੇ ਵੱਡੇ ਸਮਾਗਮ ਜਾਂ ਸ਼ੋਰ-ਸ਼ਰਾਬੇ ਤੋਂ, ਸੋਮਵਾਰ ਦੇਰ ਰਾਤ ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ। ਖਾਸ ਗੱਲ ਇਹ ਰਹੀ ਕਿ ਇਸ ਮੌਕੇ ‘ਤੇ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਨਾਲ ਮੌਜੂਦ ਨਹੀਂ ਸਨ।
ਜਾਣਕਾਰੀ ਮੁਤਾਬਕ ਉਹ ਇਸ ਸਮੇਂ ਕ੍ਰਿਕਟ ਮੈਚਾਂ ਦੀ ਕਮੈਂਟਰੀ ਵਿੱਚ ਵਿਅਸਤ ਹਨ। ਆਪਣੀ ਪੋਸਟ ਵਿੱਚ ਡਾ. ਨਵਜੋਤ ਕੌਰ ਸਿੱਧੂ ਨੇ ਲਿਖਿਆ ਕਿ ਇਹ ਬਹੁਤ ਉਡੀਕ ਕੀਤੀ ਘੋਸ਼ਣਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਰਾਜਨੀਤਿਕ ਆਗੂਆਂ ਦੇ ਕੰਮਕਾਜ ਦੀ ਗਹਿਰਾਈ ਨਾਲ ਸਮੀਖਿਆ ਕਰਨ ਤੋਂ ਬਾਅਦ, ਰਾਸ਼ਟਰੀ ਪੱਧਰ ‘ਤੇ ਇਕ ਨਵੇਂ ਵਿਕਲਪ ‘ਤੇ ਕੰਮ ਸ਼ੁਰੂ ਕੀਤਾ ਗਿਆ ਹੈ।
ਅਸੀਂ ਆਪਣੀ ਜ਼ਿੰਦਗੀ ਦੇਸ਼ ਦੀ ਸੇਵਾ ਲਈ ਸਮਰਪਿਤ ਕਰਨਾ ਚਾਹੁੰਦੇ ਹਾਂ ਅਤੇ ਲੋਕਾਂ ਨੂੰ ਉਹ ਦੇਣਾ ਚਾਹੁੰਦੇ ਹਾਂ ਜਿਸ ਦੇ ਉਹ ਹਕਦਾਰ ਹਨ। ਉਨ੍ਹਾਂ ਨੇ ਇਸ ਪਹਲ ਨੂੰ ਇਕ “ਰੱਬੀ ਕਿਰਪਾ” ਦੱਸਦਿਆਂ ਕਿਹਾ ਕਿ ਕੁਝ ਸਮਾਨ ਸੋਚ ਵਾਲੇ ਲੋਕ ਇਕੱਠੇ ਹੋਏ ਹਨ, ਜਿਨ੍ਹਾਂ ਦਾ ਮਕਸਦ ਹਰ ਰਾਜ ਵਿੱਚ ਨਿਆਂ ਅਤੇ ਸ਼ਾਂਤੀ ਕਾਇਮ ਕਰਨਾ ਹੈ ਅਤੇ ਪ੍ਰੇਮ ਦੇ ਰਾਹ ‘ਤੇ ਚੱਲਦੇ ਹੋਏ ਉੱਚ ਚੇਤਨਾ ਨਾਲ ਕੰਮ ਕਰਨਾ ਹੈ।
ਡਾ. ਸਿੱਧੂ ਨੇ ਪੰਜਾਬ ਨੂੰ ਮੁੜ “ਸੋਨੇ ਦੀ ਚਿੜੀ” ਬਣਾਉਣ ਦਾ ਵੀ ਸੰਕਲਪ ਜਤਾਇਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਉਸਦੀ ਪੁਰਾਣੀ ਸ਼ਾਨ ਵਾਪਸ ਦਿਵਾਈ ਜਾਵੇਗੀ, ਜਿੱਥੇ ਲੋਕ ਪ੍ਰੇਮ, ਸਾਂਝ, ਨਿਆਂ, ਅਜ਼ਾਦੀ ਅਤੇ ਨਿਸ਼ਕਾਮ ਸੇਵਾ ਦੇ ਮੂਲ ਨਾਲ ਜਿੰਦਗੀ ਜੀਉਣ। ਉਨ੍ਹਾਂ ਦੇ ਅਨੁਸਾਰ, ਇਹ ਸਰਕਾਰ “ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ” ਹੋਵੇਗੀ। ਨਾਲ ਹੀ, ਉਹਨਾਂ ਨੇ ਕਿਹਾ ਕਿ ਆਧਿਆਤਮਿਕ ਮਾਰਗਦਰਸ਼ਨ ਰਾਹੀਂ ਲੋਕਾਂ ਦੇ ਦੁੱਖ ਦਰਦ ਘਟਾਉਣ ਅਤੇ “ਸੱਚ ਤੇ ਪ੍ਰੇਮ” ਦੇ ਰਾਹ ‘ਤੇ ਚੱਲਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜੋ ਵਾਹਿਗੁਰੂ ਜੀ ਦਾ ਅਸਲ ਸੰਦੇਸ਼ ਹੈ।
ਜ਼ਿਕਰਯੋਗ ਹੈ ਕਿ ਡਾ. ਨਵਜੋਤ ਕੌਰ ਸਿੱਧੂ ਪਹਿਲਾਂ ਭਾਜਪਾ ਤੋਂ ਵਿਧਾਇਕ ਰਹਿ ਚੁੱਕੀ ਹੈ ਅਤੇ ਬਾਅਦ ਵਿੱਚ ਆਪਣੇ ਪਤੀ ਨਾਲ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਇਸ ਨਵੇਂ ਕਦਮ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਇਕ ਨਵਾਂ ਮੋੜ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH