ਮੋਹਾਲੀ ਵਿੱਚ ਪਤੀ ਵੱਲੋਂ ਪਤਨੀ ’ਤੇ ਚਾਕੂ ਨਾਲ ਹਮਲਾ
6 ਵਾਰ ਚਾਕੂ ਨਾਲ ਕੀਤਾ ਹਮਲਾ, ਗੰਭੀਰ ਜਖ਼ਮੀ, ਦੋਸ਼ੀ ਗ੍ਰਿਫ਼ਤਾਰ
ਮੋਹਾਲੀ ਵਿੱਚ ਪਤੀ ਵੱਲੋਂ ਪਤਨੀ ’ਤੇ ਚਾਕੂ ਨਾਲ ਹਮਲਾ


ਮੋਹਾਲੀ, 07 ਅਪ੍ਰੈਲ (ਹਿੰ.ਸ.)|

ਮੋਹਾਲੀ ਦੇ ਨਿਊ ਚੰਡੀਗੜ੍ਹ ਇਲਾਕੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਕੱਪੜਿਆਂ ਦੇ ਸ਼ੋਰੂਮ ਵਿੱਚ ਕੰਮ ਕਰ ਰਹੀ ਔਰਤ ’ਤੇ ਉਸਦੇ ਪਤੀ ਵੱਲੋਂ ਦਿਨ ਦਿਹਾੜੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਮਹਿਲਾ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ, ਜਿਸਨੂੰ ਤੁਰੰਤ ਚੰਡੀਗੜ੍ਹ ਦੇ ਸੈਕਟਰ-16 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋਸ਼ੀ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ।

ਜਾਣਕਾਰੀ ਮੁਤਾਬਕ ਦੋਸ਼ੀ ਹੀਰਾ ਲਾਲ ਮੰਗਲਵਾਰ ਸਵੇਰੇ ਕਰੀਬ 11 ਵਜੇ ਹੀ ਸ਼ੋਰੂਮ ਦੇ ਬਾਹਰ ਪਹੁੰਚ ਗਿਆ ਸੀ ਅਤੇ ਆਪਣੀ ਪਤਨੀ ਦੀ ਉਡੀਕ ਕਰ ਰਿਹਾ ਸੀ। ਜਿਵੇਂ ਹੀ ਪ੍ਰਿਯੰਕਾ (28) ਆਟੋ ਤੋਂ ਉਤਰੀ ਤੇ ਦੋਸ਼ੀ ਨੇ ਉਸ ’ਤੇ ਤੁਰੰਤ ਚਾਕੂ ਨਾਲ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਪ੍ਰਿਯੰਕਾ ਦੀ ਪਿੱਠ ਅਤੇ ਕਮਰ ਦੇ ਉੱਪਰੀ ਹਿੱਸੇ ’ਤੇ ਕਰੀਬ 6 ਵਾਰ ਕੀਤੇ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪਰਿਵਾਰਕ ਮੈਂਬਰਾਂ ਮੁਤਾਬਕ ਪ੍ਰਿਯੰਕਾ ਅਤੇ ਹੀਰਾ ਲਾਲ ਦਾ ਵਿਆਹ ਲਗਭਗ 8 ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸਨ ਅਤੇ ਦੋਸ਼ੀ ਨਸ਼ੇ ਦਾ ਆਦੀ ਵੀ ਦੱਸਿਆ ਜਾ ਰਿਹਾ ਹੈ। ਇੱਕ ਸਾਲ ਬਾਅਦ ਉਨ੍ਹਾਂ ਦੇ ਘਰ ਪੁੱਤਰ ਦਾ ਜਨਮ ਹੋਇਆ, ਜੋ ਹੁਣ 7 ਸਾਲ ਦਾ ਹੈ। ਕਰੀਬ 5 ਸਾਲ ਪਹਿਲਾਂ ਝਗੜਾ ਵਧਣ ਕਾਰਨ ਪ੍ਰਿਯੰਕਾ ਆਪਣੇ ਪੇਕੇ ਰਹਿਣ ਲੱਗ ਪਈ। ਮਾਮਲਾ ਅਦਾਲਤ ਤੱਕ ਪਹੁੰਚਿਆ, ਜਿੱਥੇ ਪਤੀ ਨੂੰ ਹਰ ਮਹੀਨੇ 5000 ਰੁਪਏ ਖਰਚ ਦੇਣ ਦੇ ਹੁਕਮ ਦਿੱਤੇ ਗਏ ਸਨ। ਇਸ ਗੱਲ ਨੂੰ ਲੈ ਕੇ ਉਹ ਨਾਰਾਜ਼ ਰਹਿੰਦਾ ਸੀ।

ਪੁਲਿਸ ਅਨੁਸਾਰ ਦੋਸ਼ੀ ਹੀਰਾ ਲਾਲ ਪੰਚਕੂਲਾ ਦੇ ਮਨਸਾ ਦੇਵੀ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਵਾਰਦਾਤ ਤੋਂ ਬਾਅਦ ਉਸਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਮੁੱਲਾਂਪੁਰ ਥਾਣਾ ਪੁਲਿਸ ਵੱਲੋਂ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande