
ਜਲੰਧਰ, 07 ਅਪ੍ਰੈਲ (ਹਿੰ.ਸ.)| ਜਲੰਧਰ ਪੁਲਿਸ
ਕਮਿਸ਼ਨਰੇਟ ਨੇ ਖੁਰਲਾ ਕਿੰਗਰਾ ਇਲਾਕੇ ਵਿੱਚ ਪੰਜਾਬ ਨੇਸ਼ਨਲ ਬੈਂਕ (ਪੀ.ਐਨ.ਬੀ.) ਵਿੱਚ ਹੋਈ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ 24 ਘੰਟਿਆਂ ਵਿੱਚ ਸੁਲਝਾ ਕੇ ਵੱਡੀ ਕਾਮਯਾਬੀ ਹਾਸਲ
ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮੁੱਖ ਦੋਸ਼ੀ ਸਿਮਰਨਜੀਤ ਸਿੰਘ ਉਰਫ਼ ਅਮਰੀਕ ਸਿੰਘ ਨੂੰ
ਗ੍ਰਿਫ਼ਤਾਰ ਕਰ ਲਿਆ ਹੈ, ਜੋ ਸ਼ਹਿਰ ਦੇ ਪੋਸ਼ ਇਲਾਕੇ ਗ੍ਰੀਨ ਮਾਡਲ ਟਾਊਨ
ਦਾ ਰਹਿਣ ਵਾਲਾ ਹੈ।
ਮਾਮਲੇ ਦੀ ਗੰਭੀਰਤਾ
ਨੂੰ ਦੇਖਦਿਆਂ ਡੀਸੀਪੀ ਮਨਪ੍ਰੀਤ ਢਿੱਲੋਂ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ, ਜਿਸ ਵਿੱਚ ਏਡੀਸੀਪੀ ਰਾਕੇਸ਼ ਯਾਦਵ, ਏਸੀਪੀ ਅਮਰਬੀਰ ਸਿੰਘ, ਏਸੀਪੀ ਸੰਜੇ ਕੁਮਾਰ ਅਤੇ ਕਰਾਈਮ ਬ੍ਰਾਂਚ
ਇੰਚਾਰਜ ਸਰਬਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ। ਟੀਮ ਨੇ ਤਕਨੀਕੀ ਸਬੂਤਾਂ ਅਤੇ ਗੁਪਤ ਜਾਣਕਾਰੀਆਂ
ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਕਾਬੂ
ਕੀਤਾ।
ਜਾਂਚ ਦੌਰਾਨ ਖੁਲਾਸਾ
ਹੋਇਆ ਕਿ ਦੋਸ਼ੀ ਰਿਟਾਇਰਡ ਡੀਐਸਪੀ ਹਰਭਜਨ ਸਿੰਘ ਦਾ ਪੁੱਤਰ ਹੈ, ਜਿਸ ਨਾਲ ਮਾਮਲਾ ਹੋਰ ਵੀ ਚੌਕਾਉਣ ਵਾਲਾ ਬਣ
ਗਿਆ। ਪੁਲਿਸ ਨੇ ਦੋਸ਼ੀ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਅਤੇ ਲੁੱਟੀ ਗਈ ਨਕਦੀ ਦਾ ਕੁਝ
ਹਿੱਸਾ ਵੀ ਬਰਾਮਦ ਕਰ ਲਿਆ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ (ਨੇ
ਦੱਸਿਆ ਕਿ ਦੋਸ਼ੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁੱਛਗਿੱਛ
ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸਿਮਰਨਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਬਟਾਲਾ ਅਤੇ ਐਸਏਐਸ
ਨਗਰ (ਮੋਹਾਲੀ) ਵਿੱਚ ਦੋ ਮਾਮਲੇ ਦਰਜ ਹਨ। ਪੁਲਿਸ ਨੇ ਦਾਅਵਾ
ਕੀਤਾ ਹੈ ਕਿ ਇਸ ਵਾਰਦਾਤ ਵਿੱਚ ਸ਼ਾਮਲ ਦੂਜੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦੀ
ਹੀ ਉਸਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH