
ਲੁਧਿਆਣਾ, 07 ਅਪ੍ਰੈਲ (ਹਿੰ.ਸ.)। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਲੁਧਿਆਣਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਰਗਰਮ ਸਹਿਯੋਗ ਨਾਲ, ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਅਤੇ ਉਲਟ ਪ੍ਰਵਾਸ (ਰੀਵਰਸ ਮਾਈਗ੍ਰੇਸ਼ਨ) ਨੂੰ ਰੋਕਣ ਦੀ ਵਚਨਬੱਧਤਾ ਤਹਿਤ ਅਹਿਮ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕਦਮ ਦਾ ਉਦੇਸ਼ ਪ੍ਰਵਾਸੀ ਮਜ਼ਦੂਰਾਂ ਨੂੰ ਖਾਣਾ ਪਕਾਉਣ ਵਾਲੀ ਗੈਸ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣਾ ਹੈ, ਤਾਂ ਜੋ ਉਹ ਲੁਧਿਆਣਾ ਵਿੱਚ ਆਪਣਾ ਰੁਜ਼ਗਾਰ ਜਾਰੀ ਰੱਖ ਸਕਣ ਅਤੇ ਖੇਤਰ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਸਕਣ।
ਇਸ ਪਹਿਲਕਦਮੀ ਤਹਿਤ ਹੁਣ 5 ਕਿੱਲੋ ਵਾਲੇ ਫ੍ਰੀ ਟਰੇਡ ਐਲ.ਪੀ.ਜੀ (ਐਫਟੀਐਲ) ਸਿਲੰਡਰਾਂ ਦੇ ਨਵੇਂ ਕੁਨੈਕਸ਼ਨ ਅਤੇ ਰੀਫਿਲ ਸਿੱਧੇ ਤੌਰ 'ਤੇ ਚੋਣਵੀਆਂ ਸਰਕਾਰੀ ਰਾਸ਼ਨ ਦੀਆਂ ਦੁਕਾਨਾਂ (ਡਿਪੂਆਂ) 'ਤੇ ਉਪਲਬਧ ਹੋਣਗੇ। ਇਸ ਨਾਲ ਮਜ਼ਦੂਰਾਂ ਨੂੰ ਦੂਰ-ਦੁਰਾਡੇ ਸਥਿਤ ਐਲ.ਪੀ.ਜੀ. ਡਿਸਟ੍ਰੀਬਿਊਟਰਾਂ ਕੋਲ ਜਾਣ ਦੀ ਲੋੜ ਨਹੀਂ ਪਵੇਗੀ।
ਲੋੜੀਂਦੇ ਦਸਤਾਵੇਜ਼ : ਯੋਗ ਪ੍ਰਵਾਸੀ ਮਜ਼ਦੂਰ ਸਿਰਫ਼ ਆਪਣਾ ਵੈਲਿਡ ਆਈਡੀ ਕਾਰਡ ਦਿਖਾ ਕੇ ਨਵਾਂ 5 ਕਿੱਲੋ ਦਾ ਐਫਟੀਐਲ ਕੁਨੈਕਸ਼ਨ ਪ੍ਰਾਪਤ ਕਰ ਸਕਦੇ ਹਨ। ਅਪਲਾਈ ਕਰਨ ਸਮੇਂ ਕਿਸੇ ਹੋਰ ਵਾਧੂ ਦਸਤਾਵੇਜ਼ ਦੀ ਲੋੜ ਨਹੀਂ ਹੈ। ਤੁਰੰਤ ਸੇਵਾਵਾਂ ਸ਼ੁਰੂ ਕਰਨ ਲਈ ਪਹਿਲੇ ਪੜਾਅ ਵਿੱਚ ਹੇਠ ਲਿਖੇ ਛੇ ਰਾਸ਼ਨ ਡਿਪੂਆਂ ਨੂੰ ਅਧਿਕਾਰਤ ਕੀਤਾ ਗਿਆ ਹੈ :
ਅਧਿਕਾਰਤ ਰਾਸ਼ਨ ਡਿਪੂਆਂ ਦੀ ਸੂਚੀ:
ਡਿਪੂ ਹੋਲਡਰ ਦਾ ਨਾਮ ਪਤਾ ਸੰਪਰਕ ਨੰਬਰ
ਰਾਜਵਿੰਦਰ ਕੌਰ - ਸਤਵੰਤਰ ਨਗਰ, ਟਿੱਬਾ ਰੋਡ 9814212634
ਸ਼ਾਮ ਲਾਲ - ਦੁਰਗਾ ਕਲੋਨੀ, ਢੰਡਾਰੀ ਖੁਰਦ 8920146908
ਅਕਸ਼ੈਦੀਪ ਲਾਂਬਾ - ਨਾਮਦੇਵ ਕਲੋਨੀ, ਜਾਗੀਰਪੁਰ 9417521548
ਪਵਿੰਦਰ ਸਿੰਘ - ਮੇਨ ਰੋਡ, ਬੜੇਵਾਲ 9814243229
ਜਸਵਿੰਦਰ ਕੌਰ - ਮਕਾਨ ਨੰ: 7062, ਕਰਤਾਰ ਚੌਂਕ, ਨਿਊ ਜਨਤਾ ਨਗਰ 9855400411
ਬਲਜਿੰਦਰ ਸਿੰਘ - ਗਲੀ ਨੰ: 8, ਗੋਬਿੰਦ ਨਗਰ, ਸ਼ਿਮਲਾ ਪੁਰੀ 9316925110
ਮੰਗ ਅਤੇ ਲੋੜ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਹੋਰ ਰਾਸ਼ਨ ਡਿਪੂਆਂ ਨੂੰ ਵੀ ਇਸ ਸਕੀਮ ਨਾਲ ਜੋੜਿਆ ਜਾਵੇਗਾ। ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਇਸ ਮੁਹਿੰਮ ਦੀ ਨਿਗਰਾਨੀ ਕਰਨਗੇ ਤਾਂ ਜੋ ਸਿਲੰਡਰ ਲੋੜਵੰਦਾਂ ਤੱਕ ਪਹੁੰਚ ਸਕਣ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਖੁਰਾਕ ਸਪਲਾਈ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਪ੍ਰਵਾਸੀ ਮਜ਼ਦੂਰਾਂ ਨੂੰ ਖਾਣਾ ਪਕਾਉਣ ਵਾਲੇ ਬਾਲਣ (ਰਸੋਈ ਗੈਸ) ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਦਿਨ-ਰਾਤ ਸਰਗਰਮੀ ਨਾਲ ਕੰਮ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਖੁਰਾਕ ਸਪਲਾਈ ਵਿਭਾਗ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਗੈਰ-ਕਾਨੂੰਨੀ ਤਰੀਕੇ ਨਾਲ ਐਲ.ਪੀ.ਜੀ ਦੀ ਵਰਤੋਂ ਕਰਨ ਜਾਂ ਘਰੇਲੂ ਸਿਲੰਡਰਾਂ ਦੀ ਦੁਰਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ