ਲੁਧਿਆਣਾ ਫਲਾਈਟ ਸ਼ਡਿਊਲ ਬਦਲਣ ਨੂੰ ਲੈ ਕੇ ਰਵਨੀਤ ਬਿੱਟੂ ਤੇ ਸੰਜੀਵ ਅਰੋੜਾ ਆਹਮੋ-ਸਾਹਮਣੇ
ਰਵਨੀਤ ਬਿੱਟੂ ਨੇ ਕਿਹਾ ਸ਼ਡਿਊਲ ਦਾ ਸਮਾਂ ਬਦਲਿਆ, ਸੰਜੀਵ ਅਰੋੜਾ ਨੇ ਕਿਹਾ ਝੂਠੀ ਜਾਣਕਾਰੀ
ਲੁਧਿਆਣਾ ਫਲਾਈਟ ਸ਼ਡਿਊਲ ਬਦਲਣ ਨੂੰ ਲੈ ਕੇ ਰਵਨੀਤ ਬਿੱਟੂ ਤੇ ਸੰਜੀਵ ਅਰੋੜਾ ਆਹਮੋ-ਸਾਹਮਣੇ


ਲੁਧਿਆਣਾ, 07 ਅਪ੍ਰੈਲ (ਹਿੰ.ਸ.)| ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ ਦਿੱਲੀ ਲਈ 15 ਮਈ ਤੋਂ ਫਲਾਈਟ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਏਅਰ ਇੰਡੀਆ ਵੱਲੋਂ ਰੋਜ਼ਾਨਾ ਦੋ ਉਡਾਣਾਂ ਚਲਾਉਣ ਦੀ ਯੋਜਨਾ ਹੈ, ਪਰ ਫਲਾਈਟ ਦੇ ਸ਼ਡਿਊਲ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਦੇ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਵਿਚਕਾਰ ਤਿੱਖਾ ਵਿਵਾਦ ਖੜ੍ਹਾ ਹੋ ਗਿਆ ਹੈ।

ਰਵਨੀਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਲੁਧਿਆਣਾ-ਦਿੱਲੀ ਉਡਾਣਾਂ ਦੇ ਟਾਈਮ ਵਿੱਚ ਬਦਲਾਅ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ, ਸਥਾਨਕ ਉਦਯੋਗਪਤੀਆਂ ਦੀ ਮੰਗ ‘ਤੇ ਸਵੇਰ ਦੀ ਫਲਾਈਟ ਦਾ ਸਮਾਂ ਬਦਲਿਆ ਗਿਆ ਹੈ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਇਸਦੀ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਬਿੱਟੂ ਦੇ ਅਨੁਸਾਰ, ਹੁਣ ਹਲਵਾਰਾ ਤੋਂ ਦਿੱਲੀ ਲਈ ਫਲਾਈਟ ਸਵੇਰੇ 7:55 ਵਜੇ ਦੀ ਬਜਾਏ 10:25 ਵਜੇ ਉਡਾਣ ਭਰੇਗੀ, ਜਦਕਿ ਦਿੱਲੀ ਤੋਂ ਲੁਧਿਆਣਾ ਆਉਣ ਵਾਲੀ ਉਡਾਣ ਸਵੇਰੇ 5:55 ਦੀ ਬਜਾਏ 8:35 ਵਜੇ ਚਲੇਗੀ ਅਤੇ 9:45 ਵਜੇ ਲੁਧਿਆਣਾ ਪਹੁੰਚੇਗੀ।

ਦੂਜੇ ਪਾਸੇ, ਕੈਬਿਨੇਟ ਮੰਤਰੀ ਸੰਜੀਵ ਅਰੋੜਾ ਨੇ ਇਸ ਜਾਣਕਾਰੀ ਨੂੰ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਵੱਲੋਂ ਫਲਾਈਟ ਦੇ ਸ਼ਡਿਊਲ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਏਅਰ ਇੰਡੀਆ ਦੀ ਅਧਿਕਾਰਕ ਵੈੱਬਸਾਈਟ ‘ਤੇ ਅਜੇ ਵੀ ਪੁਰਾਣਾ ਟਾਈਮ ਹੀ ਦਰਸਾਇਆ ਜਾ ਰਿਹਾ ਹੈ, ਜਿਸ ਮੁਤਾਬਕ ਦਿੱਲੀ ਤੋਂ ਫਲਾਈਟ ਸਵੇਰੇ 5:55 ਵਜੇ ਚੱਲਦੀ ਹੈ ਅਤੇ 7:05 ਵਜੇ ਲੁਧਿਆਣਾ ਪਹੁੰਚਦੀ ਹੈ, ਜਦਕਿ ਹਲਵਾਰਾ ਤੋਂ ਦਿੱਲੀ ਲਈ ਉਡਾਣ 7:55 ਵਜੇ ਹੀ ਪੁੱਜੇਗੀ।

ਬਿੱਟੂ ਨੇ ਆਪਣੇ ਦਾਅਵੇ ਨੂੰ ਮਜ਼ਬੂਤ ਕਰਦੇ ਹੋਏ ਕਿਹਾ ਕਿ ਮੇਕ ਮਾਈ ਟ੍ਰਿਪ ਵਰਗੇ ਪਲੇਟਫਾਰਮਾਂ ‘ਤੇ ਨਵੇਂ ਟਾਈਮ ਦੇ ਅਨੁਸਾਰ ਬੁਕਿੰਗ ਦਿਖਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਯਾਤਰੀਆਂ ਨੇ ਟਿਕਟਾਂ ਬੁਕ ਕਰਵਾਈਆਂ ਹਨ, ਉਨ੍ਹਾਂ ਨੂੰ ਏਅਰ ਇੰਡੀਆ ਵੱਲੋਂ ਸ਼ਡਿਊਲ ਬਦਲਣ ਸਬੰਧੀ ਮੈਸੇਜ ਵੀ ਭੇਜੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਦ ਵੀ ਇਸ ਤਰ੍ਹਾਂ ਦਾ ਮੈਸੇਜ ਪ੍ਰਾਪਤ ਹੋਇਆ ਹੈ।

ਦੂਜੇ ਪਾਸੇ, ਸੰਜੀਵ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਟਿਕਟ ਬੁਕ ਕਰਵਾਈ ਹੈ, ਪਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਸਮਾਂ ਬਦਲਣ ਸਬੰਧੀ ਮੈਸੇਜ ਨਹੀਂ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਏਅਰ ਇੰਡੀਆ ਨੂੰ ਭੇਜੀ ਗਈ ਈਮੇਲ ਦੇ ਜਵਾਬ ਵਿੱਚ ਵੀ ਇਹੀ ਕਿਹਾ ਗਿਆ ਹੈ ਕਿ ਸ਼ਡਿਊਲ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।

ਜ਼ਿਕਰਯੋਗ ਹੈ ਕਿ ਹਲਵਾਰਾ ਏਅਰਪੋਰਟ ਨੂੰ ਲੈ ਕੇ ਕਾਫੀ ਸਮੇਂ ਤੋਂ ਸਿਆਸੀ ਕ੍ਰੈਡਿਟ ਵਾਰ ਚੱਲ ਰਹੀ ਹੈ। ਏਅਰਪੋਰਟ ਦੇ ਉਦਘਾਟਨ ਤੋਂ ਲੈ ਕੇ ਬੁਕਿੰਗ ਸ਼ੁਰੂ ਹੋਣ ਤੱਕ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਵੱਲੋਂ ਆਪਣੇ-ਆਪਣੇ ਦਾਅਵੇ ਕੀਤੇ ਜਾਂਦੇ ਰਹੇ ਹਨ। ਹੁਣ ਫਲਾਈਟ ਦੇ ਸ਼ਡਿਊਲ ਨੂੰ ਲੈ ਕੇ ਇਹ ਨਵਾਂ ਵਿਵਾਦ ਸਾਹਮਣੇ ਆਇਆ ਹੈ, ਜਿਸ ਨਾਲ ਦੋਹਾਂ ਨੇਤਾਵਾਂ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ।

15 ਮਈ ਨੂੰ ਉਡਾਣਾਂ ਦੀ ਸ਼ੁਰੂਆਤ ਦੇ ਨਾਲ ਹੀ ਯਾਤਰੀਆਂ ਨੂੰ ਸੁਵਿਧਾ ਮਿਲਣ ਦੀ ਉਮੀਦ ਹੈ, ਪਰ ਸ਼ਡਿਊਲ ਨੂੰ ਲੈ ਕੇ ਚੱਲ ਰਹੀ ਇਹ ਉਲਝਣ ਹਾਲੇ ਵੀ ਜਾਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande