ਸਰੀਰਕ ਗਤੀਵਿਧੀਆਂ ਦੀ ਘਾਟ ਬਿਮਾਰੀਆਂ ਦਾ ਮੁੱਖ ਕਾਰਨ : ਡਾ. ਸਤਵੰਤ ਔਜਲਾ
ਧਨੌਲਾ, 07 ਅਪ੍ਰੈਲ (ਹਿੰ.ਸ.)। ਸੀ.ਐੱਚ.ਸੀ ਧਨੌਲਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਨੇ ਕਿਹਾ ਕਿ ਅੱਜ ਦੇ ਤੇਜ਼ ਰਫ਼ਤਾਰ ਅਤੇ ਤਕਨਾਲੋਜੀ ਭਰੇ ਜੀਵਨ ਵਿੱਚ ਮਨੁੱਖ ਦੀ ਸਰੀਰਕ ਗਤੀਵਿਧੀ ਘਟਦੀ ਜਾ ਰਹੀ ਹੈ ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਹ ਕਈ ਬਿਮਾਰੀਆਂ ਦਾ ਮੁੱਖ ਕਾਰ
ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ


ਧਨੌਲਾ, 07 ਅਪ੍ਰੈਲ (ਹਿੰ.ਸ.)। ਸੀ.ਐੱਚ.ਸੀ ਧਨੌਲਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਨੇ ਕਿਹਾ ਕਿ ਅੱਜ ਦੇ ਤੇਜ਼ ਰਫ਼ਤਾਰ ਅਤੇ ਤਕਨਾਲੋਜੀ ਭਰੇ ਜੀਵਨ ਵਿੱਚ ਮਨੁੱਖ ਦੀ ਸਰੀਰਕ ਗਤੀਵਿਧੀ ਘਟਦੀ ਜਾ ਰਹੀ ਹੈ ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਹ ਕਈ ਬਿਮਾਰੀਆਂ ਦਾ ਮੁੱਖ ਕਾਰਨ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਤੋਂ ਲੈ ਬਜ਼ੁਰਗਾਂ ਤੱਕ ਹਰ ਉਮਰ ਦੇ ਵਿਅਕਤੀ ਦੀ ਤੰਦਰੁਸਤੀ ਲਈ ਸਰੀਰਕ ਗਤੀਵਿਧੀ ਬੇਹੱਦ ਜ਼ਰੂਰੀ ਹੈ।

ਵਿਸ਼ਵ ਸਰੀਰਕ ਗਤੀਵਿਧੀ ਦਿਵਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਐੱਸ. ਐੱਸ ਔਜਲਾ ਨੇ ਕਿਹਾ ਕਿ ਅੱਜ-ਕੱਲ੍ਹ ਮੋਬਾਈਲ ਅਤੇ ਟੀ.ਵੀ ਦੀ ਜ਼ਿਆਦਾ ਵਰਤੋਂ ਕਾਰਨ ਬੱਚਿਆਂ ਵਿੱਚ ਬਾਹਰ ਖੇਡਣ ਦੀ ਆਦਤ ਘੱਟ ਰਹੀ ਹੈ, ਜਿਸ ਨਾਲ ਮੋਟਾਪਾ ਅਤੇ ਹੱਡੀਆਂ ਦੀ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਉਨ੍ਹਾਂ ਬੱਚਿਆਂ ਦੇ ਵਿਕਾਸ ਵਿੱਚ ਸਰੀਰਕ ਕਿਰਿਆਵਾਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਖੇਡਾਂ ਅਤੇ ਭੱਜ-ਦੌੜ ਨਾਲ ਬੱਚਿਆਂ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ ਨਾਲ ਉਨ੍ਹਾਂ ਦੀ ਯਾਦਾਸ਼ਤ ਤੇਜ਼ ਹੁੰਦੀ ਹੈ ਅਤੇ ਇਕਾਗਰਤਾ ਵਿੱਚ ਵੀ ਸੁਧਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵੱਡਿਆਂ ਵਿੱਚ ਸਰੀਰਕ ਕਸਰਤ ਦੀ ਆਦਤ ਦਿਲ ਦੀਆਂ ਬਿਮਾਰੀਆਂ, ਸ਼ੂਗਰ, ਕੈਂਸਰ ਅਤੇ ਉੱਚ ਰਕਤਚਾਪ ਦੇ ਖਤਰੇ ਨੂੰ ਘਟਾਉਂਦੀ ਹੈ। ਇਹ ਮਨੁੱਖ ਦੀ ਮਾਨਸਿਕ ਸਿਹਤ ਨੂੰ ਵੀ ਬਿਹਤਰ ਬਣਾਉਂਦੀ ਹੈ ਅਤੇ ਤਣਾਅ ਤੇ ਡਿਪ੍ਰੈਸ਼ਨ ਵੀ ਘਟਾਉਂਦੀ ਹੈ।

ਸੀਨੀਅਰ ਮੈਡੀਕਲ ਅਫ਼ਸਰ ਨੇ ਬਜ਼ੁਰਗਾਂ ਨੂੰ ਹਲਕੀ-ਫੁਲਕੀ ਕਸਰਤ, ਜਿਵੇਂ ਸੈਰ ਜਾਂ ਯੋਗਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਉਮਰ ਵਿੱਚ ਚੰਗੀ ਸਿਹਤ ਹੀ ਅਸਲ ਸਾਥ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਕਸਰਤ ਕਰਨ ਨਾਲ ਜੋੜਾਂ ਦੀ ਲਚਕ ਬਣੀ ਰਹਿੰਦੀ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਡਾ. ਔਜਲਾ ਨੇ ਕਿਹਾ ਕਿ ਸਰੀਰਕ ਗਤੀਵਿਧੀ ਸਿਰਫ਼ ਖੇਡਾਂ ਜਾਂ ਜਿਮ ਤੱਕ ਸੀਮਿਤ ਨਹੀਂ, ਸਗੋਂ ਇਹ ਜੀਵਨਸ਼ੈਲੀ ਦਾ ਅਹਿਮ ਹਿੱਸਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਛੋਟੀਆਂ-ਛੋਟੀਆਂ ਆਦਤਾਂ ਜਿਵੇਂ ਕਿ ਲਿਫ਼ਟ ਦੀ ਥਾਂ ਪੌੜੀਆਂ ਦੀ ਵਰਤੋਂ ਕਰਨਾ, ਨਜ਼ਦੀਕੀ ਥਾਂ 'ਤੇ ਪੈਦਲ ਜਾਣਾ, ਬਾਗਵਾਨੀ ਜਾਂ ਸਾਈਕਲਿੰਗ ਕਰਨਾ, ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਨਾਲ ਆਊਟਡੋਰ ਖੇਡ ਖੇਡਣਾ ਅਤੇ ਸਵੇਰੇ ਜਾਂ ਸ਼ਾਮ ਨੂੰ ਸੈਰ ਕਰਨਾ ਸਿਹਤ ਨੂੰ ਬਿਹਤਰ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande