
ਮਾਨਸਾ, 07 ਅਪ੍ਰੈਲ (ਹਿੰ.ਸ.)| ਮਾਨਸਾ ਵਿੱਚ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਲਵੰਡੀ ਸਾਬੋ ਪਾਵਰ ਲਿਮਿਟੇਡ (ਟੀਐਸਪੀਐਲ) ਥਰਮਲ ਪਲਾਂਟ ਦੇ ਉੱਪਰ ਤਿੰਨ ਤੋਂ ਚਾਰ ਸ਼ੱਕੀ ਡਰੋਨਾਂ ਦੀ ਹਲਚਲ ਦੇਖਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੋਕੰਨੀ ਹੋ ਗਈਆਂ ਹਨ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਅਤੇ ਮਾਮਲੇ ਦੀ ਜਾਣਕਾਰੀ ਭਾਰਤੀ ਫੌਜ ਨੂੰ ਵੀ ਦਿੱਤੀ ਗਈ ਹੈ।
ਇਹ ਡਰੋਨ ਪਲਾਂਟ ਦੀ ਚਾਰਦਿਵਾਰੀ ਦੇ ਨੇੜੇ ਕਾਫੀ ਸਮੇਂ ਤੱਕ ਮੰਡਰਾਉਂਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਡਰੋਨਾਂ ਨੇ ਥਰਮਲ ਯੂਨਿਟ ਦੇ ਉੱਪਰ ਘੁੰਮਦੇ ਹੋਏ ਜਿਵੇਂ ਸਰਵੇਖਣ ਕੀਤਾ ਹੋਵੇ ਅਤੇ ਬਾਅਦ ਵਿੱਚ ਗੇਟ ਨੰਬਰ 2 ਵੱਲੋਂ ਪਲਾਂਟ ਤੋਂ ਬਾਹਰ ਨਿਕਲ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪਲਾਂਟ ਪ੍ਰਬੰਧਨ ਨੇ ਤੁਰੰਤ ਪੁਲਿਸ ਚੌਂਕੀ ਬਹਨੀਵਾਲ ਦੇ ਇੰਚਾਰਜ ਨੂੰ ਸੂਚਿਤ ਕੀਤਾ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਬਠਿੰਡਾ ਵਿੱਚ ਸਥਿਤ ਫੌਜੀ ਅਧਿਕਾਰੀਆਂ ਵੱਲੋਂ ਵੀ ਪਲਾਂਟ ਦਾ ਨਿਰੀਖਣ ਕੀਤਾ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਰੋਨ ਉਡਣ ਦੀ ਸੂਚਨਾ ਮਿਲੀ ਹੈ ਅਤੇ ਇਸ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ਵਿੱਚ ਨਿਗਰਾਨੀ ਵਧਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਸੰਭਾਵਿਤ ਖ਼ਤਰੇ ਨੂੰ ਟਾਲਿਆ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH