ਪੰਜਾਬ ਵਿੱਚ ਲੋਕ ਸੇਵਾ ਲਈ 23 ਜ਼ਿਲ੍ਹਿਆਂ ਵਿੱਚ 2500 ਵਲੰਟੀਅਰ ਭਰਤੀ ਦਾ ਟਾਰਗੇਟ : ਜਸਵੀਰ ਸਿੰਘ ਗੜ੍ਹੀ
ਲੁਧਿਆਣਾ ਦੇ ਪਿੰਡ ਬੁੱਢੇਵਾਲ ਵਿੱਚ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ
ਸੰਬੋਧਨ ਕਰਦੇ ਹੋਏ ਚੇਅਰਮੈਨ ਜਸਵੀਰ ਸਿੰਘ ਗੜ੍ਹੀ।


ਲੁਧਿਆਣਾ, 07 ਅਪ੍ਰੈਲ (ਹਿੰ.ਸ.)| ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਬੁੱਢੇਵਾਲ ਲੁਧਿਆਣਾ ਵਿਖੇ ਨਿੱਜੀ ਸਕੂਲ ਵਿੱਚ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸ਼ਾਨੀ ਸ਼ਹਾਦਤ ਨੂੰ ਨਮਨ ਕਰਦਿਆਂ ਕਿਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਮਨੁੱਖਤਾ ਲਈ ਉਹ ਅਦੁੱਤੀ ਸ਼ਹਾਦਤ ਹੈ, ਜਿਸਦੀ ਉਦਾਹਰਣ ਸਮੁੱਚੇ ਸੰਸਾਰ ਵਿੱਚ ਨਹੀਂ ਮਿਲਦੀ। “ਹਿੰਦ ਦੀ ਚਾਦਰ” ਦੇ ਸਨਮਾਨ ਨਾਲ ਨਿਵਾਜੇ਼ ਗੁਰੂ ਸਾਹਿਬ ਨੇ ਧਰਮ, ਇਨਸਾਫ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣਾ ਸੀਸ ਨਿਛਾਵਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਵੀ ਸਿੱਖ ਇਤਿਹਾਸ ਦਾ ਉਹ ਸੁਨਹਿਰਾ ਅਧਿਆਇ ਹੈ, ਜੋ ਸੰਸਾਰ ਨੂੰ ਸੱਚਾਈ ਅਤੇ ਧਰਮ ਨਿਭਾਉਣ ਦਾ ਸੰਦੇਸ਼ ਦਿੰਦਾ ਹੈ।

ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿਹਾ ਕਿ ਅੱਜ ਤੋਂ ਕਰੀਬ 350 ਸਾਲ ਪਹਿਲਾਂ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਦਾ ਸਸਕਾਰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਇਆ ਸੀ। ਇਹ ਉਹ ਥਾਂ ਹੈ ਜਿੱਥੇ ਤੋਂ ਸਿੱਖ ਕੌਮ ਨੇ ਸ਼ਹਾਦਤ ਅਤੇ ਆਤਮ ਬਲਿਦਾਨ ਦੀਆਂ ਪ੍ਰੰਪਰਾਵਾਂ ਨੂੰ ਚੜ੍ਹਦੀ ਕਲਾਂ ਨਾਲ ਅੱਗੇ ਵਧਾਇਆ।

ਉਨ੍ਹਾਂ ਨੇ ਭਾਈ ਜੈਤਾ ਜੀ ਦੀ ਮਹਾਨ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਦਿੱਲੀ ਤੋਂ ਗੁਰੂ ਸਾਹਿਬ ਦਾ ਪਾਵਨ ਸੀਸ ਕੀਰਤਪੁਰ ਸਾਹਿਬ ਲੈ ਕੇ ਪਹੁੰਚੇ। ਉੱਥੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਪਰਿਵਾਰ ਅਤੇ ਸੰਗਤਾਂ ਸਮੇਤ ਗੁਰੂ ਸਾਹਿਬ ਦੇ ਪਾਵਨ ਸੀਸ ਨੂੰ ਸੋਹਣੇ ਬਿਬਾਨ ਵਿੱਚ ਸਜਾ ਕੇ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਆਏ, ਜਿੱਥੇ ਪਾਵਨ ਸੀਸ ਦਾ ਸੰਸਕਾਰ ਕੀਤਾ ਗਿਆ।

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਨੁੱਖਤਾ, ਧਰਮ, ਸਾਂਝੀਵਾਲਤਾ ਦੇ ਪ੍ਰਤੀਕ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਦਾ ਬਲੀਦਾਨ ਸਿਰਫ ਸਿੱਖ ਕੌਮ ਲਈ ਨਹੀਂ ਸੀ, ਬਲਕਿ ਪੂਰੀ ਸ੍ਰਿਸ਼ਟੀ ਲਈ ਧਰਮ ਤੇ ਮਜ਼ਲੂਮਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸੀ। ਇਸ ਲਈ ਨਵੀ ਪੀੜ੍ਹੀ ਨੂੰ ਇਹ ਪਤਾ ਹੋਣਾ ਬਹੁਤ ਜਰੂਰੀ ਹੈ ਕਿ ਅਸੀਂ ਕਿਹੋ ਜਿਹੀ ਮਹਾਨ ਵਿਰਾਸਤ ਦੇ ਵਾਰਸ ਹਾਂ।

ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਗੁਰੂ ਸਾਹਿਬ ਦੇ ਜੀਵਨ ਬਾਰੇ ਵਿਸ਼ੇਸ਼ ਵਿਖਿਆਨ, ਕਵਿਤਾ ਪਾਠ, ਭਾਸ਼ਣ ਮੁਕਾਬਲੇ, ਨਿਬੰਧ ਲੇਖਨ, ਚਿੱਤਰਕਲਾ ਅਤੇ ਧਾਰਮਿਕ-ਇਤਿਹਾਸਕ ਕਿਤਾਬਾਂ ਰਾਹੀਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਗੜ੍ਹੀ ਨੇ ਕਿਹਾ ਕਿ ਬੱਚਿਆਂ ਵਿੱਚ ਉਹ ਮਨੋਬਲ ਅਤੇ ਜੀਵਨ ਦਰਸ਼ਨ ਪੈਦਾ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਜਿੰਮੇਵਾਰ, ਸੰਵੇਦਨਸ਼ੀਲ ਅਤੇ ਆਤਮ ਨਿਰਭਰ ਮਨੁੱਖ ਬਣਾਵੇ।

ਸਮਾਗਮ ਦੌਰਾਨ ਸੰਗਤਾਂ ਨੇ ਭਗਤੀ-ਭਾਵਨਾ ਨਾਲ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਸਿਮਰਿਆ ਅਤੇ ਸਮੂਹ ਸਮਾਜ ਵਿੱਚ ਸ਼ਾਂਤੀ, ਭਾਈਚਾਰੇ ਅਤੇ ਸੱਚ ਦੀ ਜਿੱਤ ਦਾ ਸੰਦੇਸ਼ ਪ੍ਰਸਾਰਤ ਕੀਤਾ।

ਇਸ ਮੌਕੇ ਭਾਈ ਬਿਕਰਮ ਸਿੰਘ ਦੇ ਰਾਗੀ ਜਥੇ ਵੱਲੋਂ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਰਾਗੀ ਜਥੇ ਨੂੰ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਚੇਅਰਮੈਨ ਜਸਵੀਰ ਸਿੰਘ ਗੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪਿਛਲੇ ਇੱਕ ਸਾਲ ਤੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਬਤੌਰ ਚੇਅਰਪਰਸਨ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰ ਰਿਹਾ ਹਾਂ। ਕਨੂੰਨੀ ਤੌਰ 'ਤੇ ਮੇਰੀ ਡਿਊਟੀ ਅਨੁਸੂਚਿਤ ਵਰਗ ਦੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਅਤੇ ਉਹਨਾਂ ਦੇ ਸੰਵਿਧਾਨਿਕ ਹੱਕਾਂ ਦੀ ਰਾਖੀ ਲਈ ਹੈ। ਲੇਕਿਨ ਜਦੋਂ ਤੋਂ ਮੈਂ ਇਸ ਕੁਰਸੀ 'ਤੇ ਬੈਠਿਆ ਹਾਂ ਮੈਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਸਾਰੀਆਂ ਜਾਤਾਂ ਅਤੇ ਧਰਮਾਂ ਵਿੱਚ ਇਹੋ ਜਿਹੇ ਲੋਕ ਮੌਜੂਦ ਹਨ ਜਿਨ੍ਹਾਂ ਦੀ ਬਾਂਹ ਫੜ੍ਹ ਕੇ ਕੰਮ ਕਰਵਾਉਣ ਵਾਲਾ ਕੋਈ ਨਹੀਂ ਹੈ। ਭਾਵੇਂ ਉਹਨਾਂ ਦਾ ਸਬੰਧ ਅਨੁਸੂਚਿਤ ਜਾਤੀ ਨਾਲ ਨਹੀਂ ਹੈ ਪਰ ਫਿਰ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਕਈ ਮੌਕੇ ਅਜਿਹੇ ਆਉਂਦੇ ਹਨ ਕਿ ਉਹ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰਦੇ ਹਨ। ਉਦੋਂ ਮੈਂ ਇਹ ਐਲਾਨ ਕੀਤਾ ਸੀ ਕਿ ਜੇਕਰ ਇਸ ਤਰ੍ਹਾਂ ਦੇ ਲੋੜਵੰਦ ਵਿਅਕਤੀ ਫਿਰ ਚਾਹੇ ਉਹ ਕਿਸੇ ਜਾਤੀ, ਧਰਮ ਅਤੇ ਰਾਜਨੀਤੀ ਪਾਰਟੀ ਨਾਲ ਸੰਬੰਧਿਤ ਹੋਵੇ, ਅਗਰ ਉਹ ਸਾਡੇ ਕੋਲ ਆਉਂਦਾ ਹੈ ਤਾਂ ਉਸਦੀ ਬਾਂਹ ਫੜ੍ਹ ਕੇ ਆਪਣੀ ਤਾਕਤ ਦੇ ਹਿਸਾਬ ਨਾਲ ਕੰਮ ਕਰਾਂਗੇ ਅਤੇ ਜਿੱਥੋਂ ਤੱਕ ਹੋ ਸਕੇਗਾ, ਸਬੰਧਿਤ ਮੰਤਰੀ ਅਤੇ ਅਫਸਰ ਤੱਕ ਉਸਦੀ ਬੇਨਤੀ ਪਹੁੰਚਾਵਾਂਗੇ। ਪਿਛਲੇ ਇੱਕ ਸਾਲ ਤੋਂ ਮੈਂ ਦੇਖਿਆ ਹੈ ਕਿ ਸਵਾ ਕਰੋੜ ਆਬਾਦੀ ਪੰਜਾਬ ਵਿੱਚ ਦਲਤ ਵਰਗ ਦੀ ਹੈ ਜੋ ਕਿ ਕਰੀਬ 36-37 ਪ੍ਰਤੀਸ਼ਤ ਹੈ। ਪੰਜਾਬ ਦੀ ਕੁੱਲ ਆਬਾਦੀ 3 ਕਰੋੜ ਹੈ। ਸਵਾ ਕਰੋੜ ਆਬਾਦੀ ਦੇ ਕੰਮਾਂ ਨੂੰ ਮੇਰੇ ਦਫਤਰ ਦਾ ਛੋਟਾ ਜਿਹਾ ਸਟਾਫ ਨਹੀਂ ਦੇਖ ਸਕਦਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande