ਖੇਮਕਰਨ ’ਚ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਔਰਤ ਦੀ ਮੌਤ, ਇਕ ਗੰਭੀਰ ਜਖ਼ਮੀ
ਟਿੱਪਰ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ
ਮ੍ਰਿਤਕਾ ਗੁਰਮੀਤ ਕੌਰ


ਭਿੱਖੀਵਿੰਡ, 07 ਅਪ੍ਰੈਲ (ਹਿੰ.ਸ.)|

ਭਿੱਖੀਵਿੰਡ ਖੇਤਰ ਵਿੱਚ ਖੇਮਕਰਨ ਰੋਡ ’ਤੇ ਸਥਿਤ ਬੱਸ ਸਟਾਪ ਨੇੜੇ ਹੋਏ ਭਿਆਨਕ ਸੜਕ ਹਾਦਸੇ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ। ਇਸ ਹਾਦਸੇ ਵਿੱਚ 55 ਸਾਲਾ ਗੁਰਮੀਤ ਕੌਰ ਪਤਨੀ ਨਿੰਦਰ ਸਿੰਘ, ਵਾਸੀ ਪਿੰਡ ਪੂਹਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਚਲਾ ਰਿਹਾ ਨੌਜਵਾਨ ਅਮਨਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਜਾਣਕਾਰੀ ਮੁਤਾਬਕ ਗੁਰਮੀਤ ਕੌਰ ਆਪਣੇ ਭਣੇਵੇਂ ਅਮਨਦੀਪ ਸਿੰਘ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਿਮਰਨ ਹਸਪਤਾਲ ਭਿੱਖੀਵਿੰਡ ਤੋਂ ਆਪਣੇ ਪਿੰਡ ਵਾਪਸ ਜਾ ਰਹੀ ਸੀ। ਜਿਵੇਂ ਹੀ ਉਹ ਬੱਸ ਸਟਾਪ ਕੋਲ ਪਹੁੰਚੇ, ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੇ ਟਿੱਪਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਗੁਰਮੀਤ ਕੌਰ ਟਿੱਪਰ ਹੇਠ ਆ ਗਈ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਹਾਦਸੇ ਵਿੱਚ ਅਮਨਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਟਿੱਪਰ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਤੁਰੰਤ ਜਾਂਚ ਕਰਕੇ ਦੋਸ਼ੀ ਚਾਲਕ ਨੂੰ ਕਾਬੂ ਕੀਤਾ ਜਾਵੇ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ, ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੂਚਨਾ ਮਿਲਣ ’ਤੇ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande