
ਜਲੰਧਰ, 07 ਅਪ੍ਰੈਲ (ਹਿੰ.ਸ.)| ਜਲੰਧਰ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰਦਿਆਂ ਮੰਗਲਵਾਰ ਨੂੰ ਸ਼ਹਿਰ ਦੇ ਸ਼ਹਿਨਾਈ ਪੈਲੇਸ ਨੇੜੇ ਦਸ਼ਮੇਸ਼ ਨਗਰ ਵਿੱਚ ਵੱਡੀ ਕਾਰਵਾਈ ਕੀਤੀ। ਪੁਲਿਸ ਅਤੇ ਪ੍ਰਸ਼ਾਸਨ ਦੀ ਸਾਂਝੀ ਟੀਮ ਨੇ ਇਕ ਕਥਿਤ ਨਸ਼ਾ ਤਸਕਰ ਦੇ ਨਾਜਾਇਜ਼ ਨਿਰਮਾਣ ਨੂੰ ਢਾਹ ਦਿੱਤਾ। ਪੁਲਿਸ ਮੁਤਾਬਕ, ਜਿਸ ਜਾਇਦਾਦ ਨੂੰ ਡਹਾਇਆ ਗਿਆ ਹੈ, ਉਹ ਨਸ਼ੇ ਦੇ ਗੈਰਕਾਨੂੰਨੀ ਕਾਰੋਬਾਰ ਤੋਂ ਕਮਾਈ ਗਈ ਰਕਮ ਨਾਲ ਤਿਆਰ ਕੀਤੀ ਗਈ ਸੀ। ਉਕਤ ਤਸਕਰ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਖ਼ਿਲਾਫ਼ ਨਸ਼ਾ ਤਸਕਰੀ ਦੇ ਕਈ ਗੰਭੀਰ ਮਾਮਲੇ ਦਰਜ ਹਨ।
ਜਿਵੇਂ ਹੀ ਪੁਲਿਸ ਅਤੇ ਨਗਰ ਨਿਗਮ ਦੀ ਟੀਮ ਮੌਕੇ ’ਤੇ ਪਹੁੰਚੀ, ਤਸਕਰ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ। ਹਾਲਾਂਕਿ, ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿੱਚ ਕਾਰਵਾਈ ਜਾਰੀ ਰੱਖੀ ਗਈ ਅਤੇ ਨਾਜਾਇਜ਼ ਢਾਂਚੇ ਨੂੰ ਢਾਹ ਦਿੱਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ੇ ਦੇ ਧੰਦੇ ਨਾਲ ਜੁੜੇ ਲੋਕਾਂ ਦੀਆਂ ਗੈਰਕਾਨੂੰਨੀ ਜਾਇਦਾਦਾਂ ਵਿਰੁੱਧ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH