
ਚੰਡੀਗੜ੍ਹ, 09 ਅਪ੍ਰੈਲ (ਹਿੰ.ਸ.)। ਇੱਕ ਵੱਡੀ ਸਫਲਤਾ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ, ਜ਼ਿਲ੍ਹਾ ਗੁਰਦਾਸਪੁਰ, ਐਸਐਸਓਸੀ-ਅੰਮ੍ਰਿਤਸਰ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਵਿਦੇਸ਼ੀ ਹੈਂਡਲਰ ਦੁਆਰਾ ਸੰਚਾਲਿਤ ਆਈਐਸਆਈ-ਪ੍ਰਯੋਜਿਤ ਬੀਕੇਆਈ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਡੀ.ਜੀ.ਪੀ ਗੌਰਵ ਯਾਦਵ ਨੇ ਦਿੱਤੀ।
ਡੀ.ਜੀ.ਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਮਹੱਤਵਪੂਰਨ ਬਰਾਮਦਗੀਆਂ ਵਿੱਚ 5 ਹੈਂਡ ਗ੍ਰਨੇਡ, 2 ਵਿਸ਼ੇਸ਼ ਡੈਟੋਨੇਟਰ, ਕੋਡਰ ਅਤੇ ਡੀਕੋਡਰ ਵਾਲਾ ਪੀਟੀਟੀ ਟਾਈਮਰ, 9 ਵੀ ਬੈਟਰੀ, ਆਈਈਡੀ ਸਮੱਗਰੀ (1 ਕਿਲੋਗ੍ਰਾਮ ਉੱਚ ਵਿਸਫੋਟਕ ਜੋ ਕਿ ਮੇਖਾਂ ਨਾਲ ਭਰਿਆ ਹੋਇਆ), ਕੇਬਲ ਅਤੇ ਟਰਿੱਗਰ ਵਿਧੀ ਵਾਲਾ 1 ਬਾਓਫੇਂਗ ਵਾਕੀ-ਟਾਕੀ - ਜੋ ਜਨਤਕ ਸ਼ਾਂਤੀ ਨੂੰ ਭੰਗ ਕਰਨ ਦੇ ਉਦੇਸ਼ ਨਾਲ ਉੱਚ-ਪ੍ਰਭਾਵ ਵਾਲੇ ਹਮਲਿਆਂ ਦੀਆਂ ਤਿਆਰੀਆਂ ਨੂੰ ਦਰਸਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਗੁਰਦਾਸਪੁਰ ਦੇ ਥਾਣਾ ਕਲਾਨੌਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਵਿਦੇਸ਼ੀ ਹੈਂਡਲਰਾਂ ਅਤੇ ਸਥਾਨਕ ਸਹਾਇਤਾ ਨੈੱਟਵਰਕਾਂ ਸਮੇਤ ਅੱਗੇ ਅਤੇ ਪਿੱਛੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਮਾਮਲੇ ਦੀ ਵਿਸਥਾਰਤ ਜਾਣਕਾਰੀ ਦੀ ਉਡੀਕ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ