ਜਲੰਧਰ ਦਿਹਾਤ ਪੁਲਿਸ ਵੱਲੋਂ ਏਟੀਐਮ ਲੁੱਟ ਗਿਰੋਹ ਦਾ ਪਰਦਾਫਾਸ਼, ਤਿੰਨ ਮੁਲਜ਼ਮ ਗ੍ਰਿਫ਼ਤਾਰ
ਜਲੰਧਰ, 12 ਮਈ (ਹਿੰ.ਸ.)| ਜਲੰਧਰ ਦਿਹਾਤੀ ਪੁਲਿਸ ਨੇ ਏਟੀਐਮ ਲੁੱਟ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਭੋਗਪੁਰ ਦੇ ਯੂਕੋ ਬੈਂਕ ਅਤੇ ਕਿਸ਼ਨਗੜ੍ਹ ਦੇ ਐਸਬੀਆਈ ਬੈਂਕ ਦੇ ਏਟੀਐਮ ਨੂੰ ਨਿਸ਼ਾਨਾ ਬਣਾਇਆ ਸੀ
ਜਲੰਧਰ ਦਿਹਾਤ ਪੁਲਿਸ ਵੱਲੋਂ ਏਟੀਐਮ ਲੁੱਟ ਗਿਰੋਹ ਦਾ ਪਰਦਾਫਾਸ਼, ਤਿੰਨ ਮੁਲਜ਼ਮ ਗ੍ਰਿਫ਼ਤਾਰ


ਜਲੰਧਰ, 12 ਮਈ (ਹਿੰ.ਸ.)| ਜਲੰਧਰ ਦਿਹਾਤੀ ਪੁਲਿਸ ਨੇ ਏਟੀਐਮ ਲੁੱਟ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਭੋਗਪੁਰ ਦੇ ਯੂਕੋ ਬੈਂਕ ਅਤੇ ਕਿਸ਼ਨਗੜ੍ਹ ਦੇ ਐਸਬੀਆਈ ਬੈਂਕ ਦੇ ਏਟੀਐਮ ਨੂੰ ਨਿਸ਼ਾਨਾ ਬਣਾਇਆ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਤਿੰਨੋਂ ਪੇਸ਼ੇ ਵਜੋਂ ਡਰਾਈਵਰ ਹਨ ਅਤੇ ਬਿਨਾਂ ਸੁਰੱਖਿਆ ਗਾਰਡ ਵਾਲੇ ਏਟੀਐਮ ਦੀ ਰੇਕੀ ਕਰਕੇ ਲੁੱਟ ਦੀ ਯੋਜਨਾ ਬਣਾਉਂਦੇ ਸਨ।

ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 1 ਅਤੇ 2 ਮਈ ਦੀ ਦਰਮਿਆਨੀ ਰਾਤ ਨੂੰ ਮੁਲਜ਼ਮਾਂ ਨੇ ਦੋ ਵੱਖ-ਵੱਖ ਥਾਵਾਂ ‘ਤੇ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਵਿਸ਼ੇਸ਼ ਟੀਮਾਂ ਬਣਾਈਆਂ ਅਤੇ ਤਕਨੀਕੀ ਜਾਂਚ ਤੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਗਿਰੋਹ ਨੌਕਰੀ ਦੀ ਆੜ ਵਿੱਚ ਵੱਖ-ਵੱਖ ਰੂਟਾਂ ‘ਤੇ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਉਨ੍ਹਾਂ ਏਟੀਐਮਾਂ ਦੀ ਪਛਾਣ ਕਰਦਾ ਸੀ ਜਿੱਥੇ ਰਾਤ ਸਮੇਂ ਸੁਰੱਖਿਆ ਗਾਰਡ ਨਹੀਂ ਹੁੰਦਾ ਸੀ। ਵਾਰਦਾਤ ਤੋਂ ਪਹਿਲਾਂ ਕਈ ਦਿਨਾਂ ਤੱਕ ਇਲਾਕੇ ਦੀ ਰੇਕੀ ਕੀਤੀ ਜਾਂਦੀ ਸੀ ਤਾਂ ਜੋ ਪੁਲਿਸ ਦੀ ਗਸ਼ਤ ਅਤੇ ਲੋਕੀ ਹਲਚਲ ਬਾਰੇ ਜਾਣਕਾਰੀ ਮਿਲ ਸਕੇ।

ਪੁਲਿਸ ਨੇ ਮੁਲਜ਼ਮਾਂ ਕੋਲੋਂ ਉਹ ਗੱਡੀ ਵੀ ਬਰਾਮਦ ਕੀਤੀ ਹੈ ਜਿਸਦਾ ਇਸਤੇਮਾਲ ਵਾਰਦਾਤ ਤੋਂ ਬਾਅਦ ਭੱਜਣ ਲਈ ਕੀਤਾ ਜਾਂਦਾ ਸੀ। ਇਸਦੇ ਨਾਲ ਹੀ ਏਟੀਐਮ ਮਸ਼ੀਨ ਤੋੜਨ ਲਈ ਵਰਤੇ ਜਾਣ ਵਾਲੇ ਕਟਰ ਅਤੇ ਲੋਹੇ ਦੇ ਹੋਰ ਸੰਦ ਵੀ ਜ਼ਬਤ ਕੀਤੇ ਗਏ ਹਨ।

ਪੁਲਿਸ ਮੁਤਾਬਕ ਇਸ ਗ੍ਰਿਫ਼ਤਾਰੀ ਨਾਲ ਇਲਾਕੇ ਵਿੱਚ ਏਟੀਐਮ ਲੁੱਟ ਦੀਆਂ ਵਾਰਦਾਤਾਂ ‘ਤੇ ਕਾਫੀ ਹੱਦ ਤੱਕ ਰੋਕ ਲੱਗਣ ਦੀ ਉਮੀਦ ਹੈ। ਮੁਲਜ਼ਮਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ। ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਗਿਰੋਹ ਦੇ ਹੋਰ ਮੈਂਬਰਾਂ ਅਤੇ ਪਿਛਲੀਆਂ ਵਾਰਦਾਤਾਂ ਬਾਰੇ ਜਾਣਕਾਰੀ ਮਿਲ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande