
ਚੰਡੀਗੜ੍ਹ, 13 ਮਈ (ਹਿੰ.ਸ.)| ਭਾਜਪਾ ਦੀ ਕੌਮੀ ਕਾਰਜਕਾਰਨੀ ਮੈਂਬਰ ਅਮਨਜੋਤ ਕੌਰ ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀ ਗਈ “ਵੋਕਲ ਫੋਰ ਲੋਕਲ” ਅਪੀਲ ਦਾ ਖੁੱਲ੍ਹੇ ਦਿਲ ਨਾਲ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਿਰਫ਼ ਆਰਥਿਕ ਤਰੱਕੀ ਨਾਲ ਹੀ ਨਹੀਂ ਜੁੜੀ, ਸਗੋਂ ਇਹ ਦੇਸ਼ਭਗਤੀ ਅਤੇ ਰਾਸ਼ਟਰੀ ਜ਼ਿੰਮੇਵਾਰੀ ਦਾ ਪ੍ਰਤੀਕ ਵੀ ਹੈ।
ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੱਛਮੀ ਏਸ਼ੀਆ ਵਿੱਚ ਅਮਰੀਕਾ, ਇਜ਼ਰਾਇਲ ਅਤੇ ਈਰਾਨ ਵਿਚਕਾਰ ਤਣਾਅਪੂਰਨ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਵਿਸ਼ਵ ਪੱਧਰ ’ਤੇ ਆਰਥਿਕ ਅਤੇ ਊਰਜਾ ਸੰਕਟ ਦੇ ਹਾਲਾਤ ਪੈਦਾ ਹੋ ਰਹੇ ਹਨ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਅੰਤਰਰਾਸ਼ਟਰੀ ਵਪਾਰ ਵਿੱਚ ਅਸਥਿਰਤਾ ਦੇ ਕਾਰਨ ਕਈ ਦੇਸ਼ ਇਸਦਾ ਪ੍ਰਭਾਵ ਝੱਲ ਰਹੇ ਹਨ।
ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਭਾਰਤ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਦੇਸੀ ਉਤਪਾਦਾਂ, ਉਦਯੋਗਾਂ ਅਤੇ ਸਥਾਨਕ ਵਪਾਰ ਨੂੰ ਮਜ਼ਬੂਤ ਬਣਾਏ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਸੀਂ ਆਪਣੇ ਲੋਕਲ ਉਤਪਾਦਾਂ ਨੂੰ ਤਰਜੀਹ ਦੇਵਾਂਗੇ ਤਾਂ ਇਸ ਨਾਲ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਵੇਗੀ ਅਤੇ ਭਾਰਤ ਆਤਮਨਿਰਭਰਤਾ ਵੱਲ ਤੇਜ਼ੀ ਨਾਲ ਅੱਗੇ ਵਧੇਗਾ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ੀ ਸਮਾਨ ਦੀ ਬਜਾਏ ਦੇਸੀ ਉਤਪਾਦਾਂ ਦੀ ਵਰਤੋਂ ਕਰਨ ਅਤੇ “ਵੋਕਲ ਫੋਰ ਲੋਕਲ” ਮੁਹਿੰਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ, ਤਾਂ ਜੋ ਦੇਸ਼ ਨੂੰ ਮਜ਼ਬੂਤ ਬਣਾਇਆ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH