
ਜ਼ਿਲ੍ਹਾ ਹਸਪਤਾਲ ਵਿਚ ‘ਕੇਅਰ ਕੰਪੈਨੀਅਨ ਪ੍ਰੋਗਰਾਮ’ ਸਬੰਧੀ ਹੋਈ ਟਰੇਨਿੰਗ
ਚੰਡੀਗੜ੍ਹ, 13 ਮਈ (ਹਿੰ.ਸ.)| ‘ਕੇਅਰ ਕੰਪੈਨੀਅਨ ਪ੍ਰੋਗਰਾਮ’ ਦਾ ਮੰਤਵ ਮਰੀਜ਼ ਦੀ ਸਹੀ ਦੇਖਭਾਲ ਅਤੇ ਮੁਕੰਮਲ ਤੰਦਰੁਸਤੀ ਲਈ ਮਰੀਜ਼ ਦੇ ਪਰਿਵਾਰਕ ਜੀਆਂ, ਸਹਾਇਕਾਂ ਜਾਂ ਸਾਕ-ਸਬੰਧੀਆਂ ਨੂੰ ਸਿਖਿਅਤ ਕਰਨਾ ਹੈ। ਇਹ ਗੱਲ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਜ਼ਿਲ੍ਹਾ ਹਸਪਤਾਲ ਵਿਚ ‘ਕੇਅਰ ਕੰਪੈਨੀਅਨ ਪ੍ਰੋਗਰਾਮ’ ਸਬੰਧੀ ਹੋਈ ਰਿਫ਼ਰੈਸ਼ਰ ਟਰੇਨਿੰਗ ਦੌਰਾਨ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਹੀ। ਟਰੇਨਿੰਗ ਵਿਚ ਹਸਪਤਾਲ ਦੇ ਨਰਸਿੰਗ ਸਟਾਫ਼ ਨੇ ਹਿੱਸਾ ਲਿਆ। ਸਿਵਲ ਸਰਜਨ ਨੇ ਆਖਿਆ ਕਿ ਜੇ ਮਰੀਜ਼ ਖ਼ੁਦ ਅਤੇ ਉਸ ਦੇ ਪਰਵਾਰਕ ਜੀਅ ਸਾਫ਼-ਸਫ਼ਾਈ, ਦਵਾਈ, ਸਹੀ ਖਾਣ-ਪੀਣ, ਸੁਚੱਜੇ ਸਿਹਤ ਵਿਹਾਰ ਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਬਾਰੇ ਜਾਗਰੂਕ ਹੋਣਗੇ ਤਾਂ ਮਰੀਜ਼ ਨੂੰ ਬਹੁਤੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਹ ਛੇਤੀ ਠੀਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ, ਸਬ-ਡਵੀਜ਼ਨਲ ਹਸਪਤਾਲ ਅਤੇ ਹੈਲਥ ਐਂਡ ਵੈੱਲਨੈਸ ਕੇਂਦਰਾਂ ਵਿਚ ਮਰੀਜ਼ਾਂ ਦੇ ਪਰਿਵਾਰਕ ਜੀਆਂ ਜਾਂ ਸਾਕ-ਸਬੰਧੀਆਂ ਲਈ ਲਗਾਤਾਰ ਸਿਖਲਾਈ ਸੈਸ਼ਨ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਦਾ ਮੰਤਵ ਹੈ ਕਿ ਮਰੀਜ਼ ਹਸਪਤਾਲ ਵਿਚੋਂ ਠੀਕ ਹੋ ਕੇ ਜਾਣ ਅਤੇ ਘਰਾਂ ਵਿਚ ਵੀ ਉਨ੍ਹਾਂ ਦੇ ਪਰਵਾਰਕ ਜੀਅ ਮੁਕੰਮਲ ਸਿਹਤਯਾਬੀ ਤਕ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ।
ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਅਤੁਲ ਨੇ ਪ੍ਰੋਗਰਾਮ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਸ਼ੁਰੂ ਕੀਤਾ ਗਿਆ ਸੀ ਜਿਹੜਾ ਅੱਜ ਸਫ਼ਲਤਾਪੂਰਵਕ ਚੱਲ ਰਿਹਾ ਹੈ ਅਤੇ ਸਮੇਂ ਦੀ ਲੋੜ ਮੁਤਾਬਕ ਇਸ ਵਿਚ ਸੁਧਾਰ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦਾ ਸਟਾਫ਼ ਖ਼ੁਦ ਪੂਰੀ ਤਰ੍ਹਾਂ ਸਿੱਖਿਅਤ ਹੋਵੇਗਾ ਤਾਂ ਉਹ ਅੱਗੇ ਵੀ ਸਹੀ ਢੰਗ ਨਾਲ ਸੁਨੇਹਾ ਦੇਵੇਗਾ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਲਾਗ ਜਾਂ ਇਨਫ਼ੈਕਸ਼ਨ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਨਿਜੀ ਸਫ਼ਾਈ ਦੇ ਨਾਲ-ਨਾਲ ਹਸਪਤਾਲ ਦੀ ਸਫ਼ਾਈ ਵਲ ਵੀ ਧਿਆਨ ਦੇ ਕੇ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਬੀਮਾਰ ਵਿਅਕਤੀ ਦੇ ਠੀਕ ਹੋਣ ਵਿਚ ਮਦਦ ਕਰ ਸਕਦੇ ਹਾਂ। ਸਿਵਲ ਸਰਜਨ ਨੇ ਕਿਹਾ ਕਿ ਸਾਫ਼-ਸਫ਼ਾਈ ਨਾ ਹੋਣ ’ਤੇ ਜਿਥੇ ਮਰੀਜ਼ ਦੀ ਬੀਮਾਰੀ ਵੱਧ ਸਕਦੀ ਹੈ, ਉਥੇ ਉਸ ਦੀ ਦੇਖਭਾਲ ਕਰਨ ਵਾਲੇ ਵੀ ਬੀਮਾਰੀ ਦੀ ਲਪੇਟ ਵਿਚ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਚੰਗੀ ਤੇ ਸਿਹਤਮੰਦ ਖ਼ੁਰਾਕ ਦਿਤੀ ਜਾਵੇ ਅਤੇ ਉਸ ਨੂੰ ਹਲਕੀ-ਫੁਲਕੀ ਕਸਰਤ ਕਰਨ ਲਈ ਵੀ ਕਿਹਾ ਜਾਵੇ। ਇਸ ਮੌਕੇ ਸਿਵਲ ਸਰਜਨ ਨੇ ਨਰਸਿੰਗ ਸਟਾਫ਼ ਨੂੰ ਭਾਗੀਦਾਰੀ ਸਰਟੀਫ਼ੀਕੇਟ ਵੀ ਵੰਡੇ। ਟਰੇਨਿੰਗ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਿੰਦਰਜੀਤ ਸਿੰਘ, ਮੈਡੀਕਲ ਸੁਪਰਡੈਂਟ ਡਾ. ਮਨੀਸ਼ ਗੁਪਤਾ, ਡਿਪਟੀ ਮਾਸ ਮੀਡੀਆ ਅਫ਼ਸਰ ਦਲਜੀਤ ਕੌਰ, ਨਰਸਿੰਗ ਸਿਸਟਰ ਸੁਖਵਿੰਦਰ ਕੌਰ ਤੇ ਹੋਰ ਜਣੇ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH