
ਬਠਿੰਡਾ, 13 ਮਈ (ਹਿੰ.ਸ.)। ਡਾ. ਤਪਿੰਦਰਜੋਤ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟਰੱਕ ਯੂਨੀਅਨ ਹਾਜੀ ਰਤਨ ਚੌਂਕ ਵਿਖੇ ਡਰਾਇਵਰ ਭਾਈਚਾਰੇ ਨੂੰ ਟੈਲੀ ਮਾਨਸ ਟੋਲ ਫਰੀ ਨੰਬਰ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਡੇ ਸਮਾਜ ਵਿਚ ਮਾਨਸਿਕ ਰੋਗਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸਦੇ ਮੱਦੇਨਜਰ ਸੂਬਾ ਸਰਕਾਰ ਵੱਲੋਂ ਮਾਨਸਿਕ ਸਿਹਤ ਪ੍ਰੋਗਰਾਮ ਅਧੀਨ ਟੈਲੀ ਮਾਨਸ ਪੰਜਾਬ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਅਧੀਨ ਅਸੀਂ ਟੋਲ ਫਰੀ ਨੰਬਰ 14416 ’ਤੇ ਕਾਲ ਕਰਕੇ ਆਪਣੇ ਮਾਨਸਿਕ ਰੋਗਾਂ ਬਾਰੇ ਅਤੇ ਇਲਾਜ ਬਾਰੇ ਮੁਫ਼ਤ ਜਾਣਕਾਰੀ ਹਾਸਲ ਕਰ ਸਕਦੇ ਹਾਂ।
ਡਿਪਟੀ ਮਾਸ ਮੀਡੀਆ ਅਫ਼ਸਰ ਕੇਵਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਨਸਿਕ ਰੋਗਾਂ ਨੂੰ ਛੁਪਾਉਣਾ ਨਹੀਂ ਚਾਹੀਦਾ ਸਗੋਂ ਇਨ੍ਹਾਂ ਬਾਰੇ ਦੱਸ ਕੇ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਸਾਰੇ ਹਸਪਤਾਲਾਂ ਵਿੱਚ ਮਾਨਸਿਕ ਰੋਗਾਂ ਦੀਆਂ ਦਵਾਈਆਂ ਮੁਫਤ ਉਪਲਬਧ ਹਨ। ਇਹ ਰੋਗ ਹਰੇਕ ਉਮਰ ਦੇ ਲੋਕਾਂ ਨੂੰ ਹੋ ਸਕਦਾ ਹੈ ਅਤੇ ਇਹ ਬਿਮਾਰੀ ਪੂਰਨ ਤੌਰ ’ਤੇ ਇਲਾਜਯੋਗ ਹੈ। ਉਦਾਸੀ, ਚਿੰਤਾ, ਨੀਂਦ ਨਾ ਆਉਣਾ, ਤਣਾਅ, ਵਹਿਮ ਭਰਮ, ਆਪਣੇ ਆਪ ਨੂੰ ਮਾਰਨ ਦੇ ਵਿਚਾਰ ਆਉਣੇ ਮਾਨਸਿਕ ਰੋਗ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਟੈਲੀ ਮਾਨਸ ਪੰਜਾਬ ਮੁਹਿੰਮ ਅਧੀਨ 14416 ਟੋਲ ਫਰੀ ਨੰਬਰ ’ਤੇ ਕਾਲ ਕਰਕੇ ਸ਼ੁਰੂ ਵਿਚ ਹੀ ਇਨ੍ਹਾਂ ਰੋਗਾਂ ਦਾ ਮੁਫਤ ਕਾਊਂਸਲਿੰਗ ਰਾਹੀਂ ਲਾਭ ਉਠਾਉਣ। ਡਰਾਇਵਰ ਭਾਈਚਾਰੇ ਨੂੰ ਨਸ਼ਿਆਂ ਤੋਂ ਦੂਰ ਰਹਿਣ, ਯਾਤਰਾ ਦੌਰਾਨ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਮਾਨਸਿਕ ਤਣਾਅ ਹੋਣ ‘ਤੇ ਤੁਰੰਤ ਮਦਦ ਲੈਣ ਲਈ ਵੀ ਪ੍ਰੇਰਿਤ ਕੀਤਾ ਗਿਆ। ਟੀਮ ਵੱਲੋਂ ਪੰਫਲਿਟ ਵੰਡ ਕੇ ਹੈਲਪਲਾਈਨ ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ