
ਚੰਡੀਗੜ੍ਹ, 13 ਮਈ (ਹਿੰ.ਸ.)| ਪੰਜਾਬ ਦੇ 27 ਡਿਪੋਆਂ ਦੇ ਪੀਆਰਟੀਸੀ ਅਤੇ ਪਨਬੱਸ ਮੁਲਾਜ਼ਮਾਂ ਨੇ ਸਰਕਾਰ ਦੀ ‘ਕਿਲੋਮੀਟਰ ਸਕੀਮ’ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਮੁਲਾਜ਼ਮ ਯੂਨੀਅਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ 15 ਮਈ ਨੂੰ ਪ੍ਰਸ਼ਾਸਨ ਨਾਲ ਹੋਣ ਵਾਲੀ ਮੀਟਿੰਗ ਵਿੱਚ ਕੋਈ ਸਕਾਰਾਤਮਕ ਫੈਸਲਾ ਨਾ ਨਿਕਲਿਆ, ਤਾਂ ਉਹ ਪੜਾਅਵਾਰ ਅੰਦੋਲਨ ਸ਼ੁਰੂ ਕਰਨਗੇ।
ਜਲੰਧਰ ਵਿੱਚ ਹੋਈ ਇਕ ਅਹਿਮ ਮੀਟਿੰਗ ਤੋਂ ਬਾਅਦ ਯੂਨੀਅਨ ਆਗੂਆਂ ਨੇ ਆਪਣੀ ਰਣਨੀਤੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ 18 ਮਈ ਨੂੰ ਇੱਕ ਦਿਨ ਦੀ ਸੰਕੇਤਕ ਹੜਤਾਲ ਕੀਤੀ ਜਾਵੇਗੀ, ਜਦਕਿ 25, 26 ਅਤੇ 27 ਮਈ ਨੂੰ ਪੂਰੇ ਪੰਜਾਬ ਵਿੱਚ ਬੱਸਾਂ ਦਾ “ਚੱਕਾ ਜਾਮ” ਕੀਤਾ ਜਾਵੇਗਾ। ਯੂਨੀਅਨ ਦਾ ਕਹਿਣਾ ਹੈ ਕਿ ਉਹ ਪਹਿਲਾਂ 15 ਮਈ ਦੀ ਮੀਟਿੰਗ ਦੇ ਨਤੀਜੇ ਦੀ ਉਡੀਕ ਕਰਨਗੇ। ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਡਿੱਠਾ ਕੀਤਾ, ਤਾਂ 17 ਮਈ ਤੋਂ ਹੀ ਸਾਰੀਆਂ ਬੱਸਾਂ ਡਿਪੋਆਂ ਵਿੱਚ ਖੜ੍ਹੀਆਂ ਕਰ ਦਿੱਤੀਆਂ ਜਾਣਗੀਆਂ ਅਤੇ ਅਗਲੇ ਦਿਨ ਰਾਜ ਪੱਧਰੀ ਹੜਤਾਲ ਕੀਤੀ ਜਾਵੇਗੀ।
ਜਲੰਧਰ-1 ਡਿਪੋ ਦੇ ਪ੍ਰਧਾਨ ਬਿਕਰਮਜੀਤ ਸਿੰਘ ਨੇ ਕਿਹਾ ਕਿ “ਕਿਲੋਮੀਟਰ ਸਕੀਮ ਕਿਸੇ ਵੀ ਕੀਮਤ ‘ਤੇ ਮਨਜ਼ੂਰ ਨਹੀਂ ਕੀਤੀ ਜਾਵੇਗੀ।” ਉਨ੍ਹਾਂ ਦੋਸ਼ ਲਾਇਆ ਕਿ ਇਸ ਸਕੀਮ ਤਹਿਤ ਬੱਸਾਂ ਅਤੇ ਡਰਾਈਵਰ ਦੋਵੇਂ ਨਿੱਜੀ ਹੋਣਗੇ, ਜਿਸ ਨਾਲ ਭਵਿੱਖ ਵਿੱਚ ਸਰਕਾਰੀ ਡਰਾਈਵਰਾਂ ਦੀਆਂ ਨੌਕਰੀਆਂ ਖਤਮ ਹੋ ਸਕਦੀਆਂ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇ ਸਕੀਮ ਜਬਰਦਸਤੀ ਲਾਗੂ ਕੀਤੀ ਗਈ ਤਾਂ ਕਰਮਚਾਰੀ ਨਾ ਤਾਂ ਉਨ੍ਹਾਂ ਬੱਸਾਂ ਲਈ ਕੰਡਕਟਰ ਮੁਹੱਈਆ ਕਰਵਾਉਣਗੇ ਅਤੇ ਨਾ ਹੀ ਉਹਨਾਂ ਨੂੰ ਸੜਕਾਂ ‘ਤੇ ਚੱਲਣ ਦੇਣਗੇ।
ਮੁਲਾਜ਼ਮਾਂ ਨੇ ਸਰਕਾਰ ‘ਤੇ ਨਿੱਜੀ ਬੱਸ ਮਾਲਕਾਂ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼ ਵੀ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਕੀਮ ਅਧੀਨ ਪ੍ਰਾਈਵੇਟ ਬੱਸ ਮਾਲਕਾਂ ਨੂੰ 28 ਤੋਂ 30 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਫਿਕਸ ਭੁਗਤਾਨ ਕੀਤਾ ਜਾਵੇਗਾ। ਅਜਿਹੇ ਵਿੱਚ ਜੇ ਬੱਸ 100 ਕਿਲੋਮੀਟਰ ਚੱਲਦੀ ਹੈ ਤਾਂ ਮਾਲਕ ਨੂੰ ਕਰੀਬ 3000 ਰੁਪਏ ਮਿਲਣੇ ਤੈਅ ਹਨ, ਭਾਵੇਂ ਸਵਾਰੀਆਂ ਤੋਂ ਆਮਦਨ ਘੱਟ ਹੀ ਕਿਉਂ ਨਾ ਹੋਵੇ। ਯੂਨੀਅਨ ਦਾ ਦਾਅਵਾ ਹੈ ਕਿ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਵੇਗਾ ਅਤੇ ਨਿੱਜੀ ਕੰਪਨੀਆਂ ਨੂੰ ਲਾਭ ਮਿਲੇਗਾ।
ਯੂਨੀਅਨ ਨੇ ਮੰਨਿਆ ਹੈ ਕਿ ਇਸ ਅੰਦੋਲਨ ਕਾਰਨ ਆਮ ਲੋਕਾਂ ਨੂੰ ਆਵਾਜਾਈ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਪਰ ਆਪਣੇ ਹੱਕਾਂ ਅਤੇ ਰੋਜ਼ਗਾਰ ਦੀ ਰੱਖਿਆ ਲਈ ਸੰਘਰਸ਼ ਕਰਨਾ ਮਜਬੂਰੀ ਬਣ ਗਿਆ ਹੈ। ਮੁਲਾਜ਼ਮ ਹੁਣ ਸਿਰਫ਼ ਟੈਂਡਰ ਟਾਲਣ ਦੀ ਨਹੀਂ, ਸਗੋਂ ਇਸਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH