ਪੰਜਾਬ ਬੋਰਡ 12ਵੀਂ ਦੇ ਨਤੀਜਿਆਂ ਵਿੱਚ ਤਿੰਨ ਵਿਦਿਆਰਥਣਾਂ ਨੇ ਬਣਾਇਆ ਇਤਿਹਾਸ, 500 ਵਿੱਚੋਂ 500 ਅੰਕ ਹਾਸਲ
ਚੰਡੀਗੜ੍ਹ, 13 ਮਈ (ਹਿੰ.ਸ.)| ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਇਸ ਵਾਰ ਤਿੰਨ ਵਿਦਿਆਰਥਣਾਂ ਨੇ ਇਤਿਹਾਸ ਰਚ ਦਿੱਤਾ ਹੈ। ਤਿੰਨਾਂ ਨੇ 500 ਵਿੱਚੋਂ ਪੂਰੇ 500 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚ ਮਾਣ ਵਧਾਇਆ ਹੈ। ਮਾਨਸਾ ਦੇ ਉੱਭਾ ਸਥਿਤ ਗੁਰੂਕੁਲ ਅਕੈਡਮੀ ਪਬਲ
Supneet Kaur,Suhani Chauhan,Divanshi


ਚੰਡੀਗੜ੍ਹ, 13 ਮਈ (ਹਿੰ.ਸ.)| ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਇਸ ਵਾਰ ਤਿੰਨ ਵਿਦਿਆਰਥਣਾਂ ਨੇ ਇਤਿਹਾਸ ਰਚ ਦਿੱਤਾ ਹੈ। ਤਿੰਨਾਂ ਨੇ 500 ਵਿੱਚੋਂ ਪੂਰੇ 500 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚ ਮਾਣ ਵਧਾਇਆ ਹੈ।

ਮਾਨਸਾ ਦੇ ਉੱਭਾ ਸਥਿਤ ਗੁਰੂਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸੁਪਨੀਤ ਕੌਰ ਨੇ ਸਾਇੰਸ ਸਟ੍ਰੀਮ ਵਿੱਚ 500/500 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਲੁਧਿਆਣਾ ਦੇ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ, ਜਮਾਲਪੁਰ ਕਲੋਨੀ ਦੀ ਵਿਦਿਆਰਥਣ ਸੁਹਾਨੀ ਚੌਹਾਨ ਨੇ ਹਿਊਮੈਨਿਟੀਜ਼ ਸਟ੍ਰੀਮ ਵਿੱਚ 500/500 ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ ਦੀ ਵਿਦਿਆਰਥਣ ਦਿਵਾਂਸ਼ੀ ਨੇ ਵੀ ਹਿਊਮੈਨਿਟੀਜ਼ ਸਟ੍ਰੀਮ ਵਿੱਚ 500/500 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।

ਖਾਸ ਗੱਲ ਇਹ ਰਹੀ ਕਿ ਤਿੰਨਾਂ ਹੀ ਟਾਪਰ ਵਿਦਿਆਰਥਣਾਂ ਖੇਡਾਂ ਵਿੱਚ ਵੀ ਉੱਤਮ ਪ੍ਰਦਰਸ਼ਨ ਕਰ ਰਹੀਆਂ ਹਨ।

ਇਸ ਸਾਲ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਵਿੱਚ ਕੁੱਲ 2,65,417 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 2,42,755 ਵਿਦਿਆਰਥੀ ਪਾਸ ਹੋਏ। ਕੁੱਲ ਪਾਸ ਪ੍ਰਤੀਸ਼ਤਤਾ 91.46 ਫੀਸਦੀ ਦਰਜ ਕੀਤੀ ਗਈ।

ਸਟ੍ਰੀਮ ਵਾਰ ਨਤੀਜਿਆਂ ਵਿੱਚ ਕਾਮਰਸ ਸਟ੍ਰੀਮ ਸਭ ਤੋਂ ਅੱਗੇ ਰਹੀ, ਜਿੱਥੇ 98.78 ਫੀਸਦੀ ਪਾਸ ਦਰ ਦਰਜ ਕੀਤੀ ਗਈ। ਇਸ ਵਿੱਚ 34,496 ਵਿੱਚੋਂ 34,074 ਵਿਦਿਆਰਥੀ ਪਾਸ ਹੋਏ। ਸਾਇੰਸ ਸਟ੍ਰੀਮ ਵਿੱਚ 98.47 ਫੀਸਦੀ ਵਿਦਿਆਰਥੀ ਸਫਲ ਰਹੇ, ਜਿੱਥੇ 56,456 ਵਿੱਚੋਂ 55,593 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। ਹਿਊਮੈਨਿਟੀਜ਼ ਸਟ੍ਰੀਮ ਵਿੱਚ 87.74 ਫੀਸਦੀ ਅਤੇ ਵੋਕੇਸ਼ਨਲ ਸਟ੍ਰੀਮ ਵਿੱਚ 87.80 ਫੀਸਦੀ ਪਾਸ ਦਰ ਦਰਜ ਕੀਤੀ ਗਈ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਨਤੀਜਿਆਂ ‘ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਇਹ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੇ ਸਮਰਪਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿੱਖਿਆ ਖੇਤਰ ਵਿੱਚ ਕੀਤੇ ਗਏ ਸੁਧਾਰਾਂ ਦਾ ਨਤੀਜਾ ਹੈ।

ਉਨ੍ਹਾਂ ਨੇ ਟਾਪਰ ਵਿਦਿਆਰਥਣਾਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕਰਦਿਆਂ ਸਾਰੇ ਸਫਲ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਡਿਜੀਟਲ ਕਲਾਸਰੂਮਾਂ, ਅਧਿਆਪਕ ਸਿਖਲਾਈ ਅਤੇ ਸਮੇਂ ਸਿਰ ਸਿਲੇਬਸ ਪੂਰਾ ਕਰਨ ਵੱਲ ਦਿੱਤੇ ਗਏ ਧਿਆਨ ਕਾਰਨ ਨਤੀਜਿਆਂ ਵਿੱਚ ਮਹੱਤਵਪੂਰਨ ਸੁਧਾਰ ਦੇਖਣ ਨੂੰ ਮਿਲਿਆ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande